ਭਾਰਤ ਖ਼ਿਲਾਫ਼ ਟੀ20 'ਚ ਖ਼ਾਸ ਜਰਸੀ ਪਾਏਗੀ ਆਸਟ੍ਰੇਲੀਆਈ ਟੀਮ
Wednesday, Nov 11, 2020 - 03:57 PM (IST)
ਮੈਲਬੌਰਨ (ਭਾਸ਼ਾ) : ਖੇਡਾਂ ਵਿੱਚ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਆਸਟ੍ਰੇਲੀਆਈ ਕ੍ਰਿਕਟ ਟੀਮ ਭਾਰਤ ਖ਼ਿਲਾਫ਼ ਆਗਾਮੀ ਟੀ20 ਸੀਰੀਜ਼ ਵਿਚ ਖ਼ਾਸ ਤੌਰ 'ਤੇ ਡਿਜ਼ਾਇਨ ਕੀਤੀ ਗਈ ਜਰਸੀ ਪਾਏਗੀ। ਕ੍ਰਿਕਟ ਆਸਟਰੇਲੀਆ ਨੇ ਬੁੱਧਵਾਰ ਨੂੰ ਡਿਜ਼ਾਇਨ ਦਾ ਉਦਘਾਟਨ ਕੀਤਾ ਜੋ ਨਿਰਮਾਤਾ ਐਸਿਕਸ ਅਤੇ 2 ਮੂਲ ਨਿਵਾਸੀ ਬੀਬੀਆਂ ਆਂਟੀ ਫਿਓਨਾ ਕਲਾਰਕ ਅਤੇ ਕਰਟਨੀ ਹਾਜੇਨ ਨੇ ਤਿਆਰ ਕੀਤਾ ਹੈ।
ਕਲਾਰਕ ਸਵ. ਕ੍ਰਿਕਟਰ 'ਮਾਸਕਿਟੋ' ਕਜੇਂਸ ਦੀ ਵੰਸ਼ਜ ਹੈ ਜੋ 1868 ਵਿਚ ਇੰਗਲੈਂਡ ਦਾ ਦੌਰਾ ਕਰਣ ਵਾਲੀ ਟੀਮ ਵਿਚ ਮੂਲ ਨਿਵਾਸੀ ਖਿਡਾਰੀ ਸਨ। ਇਹ ਡਿਜ਼ਾਇਨ ਮੂਲ ਨਿਵਾਸੀਆਂ ਦੇ ਖੇਡਾਂ ਵਿਚ ਸਹਿਯੋਗ ਲਈ ਸਾਬਕਾ, ਮੌਜੂਦਾ ਅਤੇ ਭਵਿੱਖ ਦੇ ਖਿਡਾਰੀਆਂ ਨੂੰ ਸਮਰਪਤ ਹੈ। ਆਸਟ੍ਰੇਲੀਆਈ ਬੀਬੀਆਂ ਦੀ ਕ੍ਰਿਕਟ ਟੀਮ ਨੇ ਵੀ ਇਸ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਖ਼ਿਲਾਫ਼ ਇਕ ਮੈਚ ਵਿਚ ਅਜਿਹੀ ਜਰਸੀ ਪਾਈ ਸੀ। ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਕਿਹਾ, 'ਇਸ ਤਰ੍ਹਾਂ ਦੀ ਜਰਸੀ ਪਾਉਣ ਦਾ ਮੌਕਾ ਮਿਲਣ ਨੂੰ ਲੈ ਕੇ ਕਾਫ਼ੀ ਰੋਮਾਂਚਿਤ ਹਾਂ।' ਭਾਰਤੀ ਟੀਮ ਦਾ ਆਸਟਰੇਲੀਆ ਦੌਰਾ 27 ਨਵੰਬਰ ਨੂੰ ਸਿਡਨੀ ਵਿਚ 3 ਵਨਡੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਨਾਲ ਸ਼ੁਰੂ ਹੋਵੇਗਾ। ਇਸ ਦੇ ਬਾਅਦ 3 ਟੀ20 ਅਤੇ 4 ਟੈਸਟ ਖੇਡੇ ਜਾਣਗੇ।