ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਟੀ-20 ਮੁਕਾਬਲੇ ''ਚ ਭਾਰਤ ਨੂੰ ਹਰਾ ਕੇ 2-1 ਨਾਲ ਲੜੀ ਕੀਤੀ ਆਪਣੇ ਨਾਂ
Wednesday, Jan 10, 2024 - 01:52 AM (IST)
ਸਪੋਰਟਸ ਡੈਸਕ– ਕਪਤਾਨ ਐਲਿਸਾ ਹੈਲੀ ਦੀ 55 ਦੌੜਾਂ ਦੀ ਹਮਲਾਵਰ ਪਾਰੀ ਨਾਲ ਆਸਟ੍ਰੇਲੀਆਈ ਮਹਿਲਾ ਟੀਮ ਨੇ 3 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦੇ ਫੈਸਲਾਕੁੰਨ ਮੁਕਾਬਲੇ ਵਿਚ 8 ਗੇਂਦਾਂ ਬਾਕੀ ਰਹਿੰਦਿਆਂ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ’ਤੇ 147 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਆਸਟ੍ਰੇਲੀਆ ਨੇ 18.4 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ ਇਹ ਟੀਚਾ ਹਾਸਲ ਕਰ ਕੇ 3 ਮੈਚਾਂ ਦੀ ਲੜੀ ਨੂੰ 2-1 ਨਾਲ ਜਿੱਤ ਲਿਆ ਹੈ।
ਆਪਣਾ 150ਵਾਂ ਟੀ-20 ਕੌਮਾਂਤਰੀ ਮੈਚ ਖੇਡ ਰਹੀ ਹੈਲੀ ਨੇ 38 ਗੇਂਦਾਂ ਵਿਚ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 55 ਦੌੜਾਂ ਬਣਾਉਣ ਦੇ ਨਾਲ ਪਹਿਲੀ ਵਿਕਟ ਲਈ ਬੇਥ ਮੂਨੀ (48 ਗੇਂਦਾਂ ’ਤੇ ਅਜੇਤੂ 52) ਦੇ ਨਾਲ 60 ਗੇਂਦਾਂ ਵਿਚ 85 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਆਸਟ੍ਰੇਲੀਆ ਲਈ ਤਾਹਿਲਿਆ ਮੈਕਗ੍ਰਾ (20) ਤੇ ਫੋਏਬੇ ਲਿਚਫੀਲਡ (ਅਜੇਤੂ 17) ਨੇ ਵੀ ਬੱਲੇ ਨਾਲ ਉਪਯੋਗੀ ਯੋਗਦਾਨ ਦਿੱਤਾ। ਭਾਰਤ ਲਈ ਪੂਜਾ ਵਸਤਾਰਕਰ 2 ਤੇ ਦੀਪਤੀ ਸ਼ਰਮਾ 1 ਵਿਕਟ ਲੈਣ ਵਿਚ ਸਫਲ ਰਹੀ।
ਭਾਰਤ ਲਈ ਸ਼ੈਫਾਲੀ ਵਰਮਾ (17 ਗੇਂਦਾਂ ’ਚ 26 ਦੌੜਾਂ) ਦੀ ਹਮਲਾਵਰ ਸ਼ੁਰੂਆਤ ਤੋਂ ਬਾਅਦ ਸਮ੍ਰਿਤੀ ਮੰਧਾਨਾ (28 ਗੇਂਦਾਂ ’ਚ 29 ਦੌੜਾਂ) ਤੇ ਵਿਕਟਕੀਪਰ-ਬੱਲੇਬਾਜ਼ ਰਿਚਾ ਘੋਸ਼ (28 ਗੇਂਦਾਂ ’ਚ 34 ਦੌੜਾਂ) ਨੇ ਸਮਝਦਾਰੀ ਨਾਲ ਬੱਲੇਬਾਜ਼ੀ ਕੀਤੀ। ਆਖ਼ਰੀ ਓਵਰਾਂ ਵਿਚ ਅਮਨਜਤ ਕੌਰ (14 ਗੇਂਦਾਂ ’ਤੇ ਅਜੇਤੂ 17 ਦੌੜਾਂ) ਤੇ ਪੂਜਾ ਵਸਤਾਰਕਰ (2 ਗੇਂਦਾਂ ’ਚ 7 ਦੌੜਾਂ) ਨੇ ਬਾਊਂਡਰੀ ਲਗਾ ਕੇ ਭਾਰਤ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਇਸ ਦੌਰੇ ’ਤੇ ਇਕਲੌਤੇ ਟੈਸਟ ਵਿਚ ਹਾਰ ਝੱਲਣ ਤੋਂ ਬਾਅਦ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਮੇਜ਼ਬਾਨ ਟੀਮ ਦੀ ਸਫਾਇਆ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8