ਵਿਸ਼ਵ ਕੱਪ ਲਈ ਪੋਂਟਿੰਗ ਬਣਿਆ ਆਸਟਰੇਲੀਆ ਦਾ ਸਹਾਇਕ ਕੋਚ
Friday, Feb 08, 2019 - 11:44 PM (IST)
ਸਿਡਨੀ— ਆਸਟਰੇਲੀਆ ਦੇ ਸਾਬਕਾ ਕਪਤਾਨ ਤੇ ਧਾਕੜ ਬੱਲੇਬਾਜ਼ ਰਿਕੀ ਪੋਂਟਿੰਗ ਨੂੰ ਵਿਸ਼ਵ ਕੱਪ ਲਈ ਆਸਟਰੇਲੀਆਈ ਕ੍ਰਿਕਟ ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਡੇਵਿਡ ਸਕਰ ਦੇ ਅਹੁਦਾ ਛੱਡਣ ਤੋਂ ਬਾਅਦ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਪੋਂਟਿੰਗ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 30 ਮਈ ਤੋਂ ਇੰਗਲੈਂਡ ਵਿਚ ਹੋਣ ਵਾਲੇ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਪੋਂਟਿੰਗ ਭਾਰਤ ਤੇ ਪਾਕਿਸਤਾਨ ਵਿਰੁੱਧ ਆਗਾਮੀ ਸੀਰੀਜ਼ ਤੋਂ ਬਾਅਦ ਸਹਾਇਕ ਕੋਚ ਦਾ ਅਹੁਦਾ ਸੰਭਾਲੇਗਾ। ਪੋਂਟਿੰਗ ਬੱਲੇਬਾਜ਼ੀ ਕੋਚ ਗ੍ਰੀਮ ਹਿੱਕ ਦੇ ਨਾਲ ਏਸ਼ੇਜ਼ ਸੀਰੀਜ਼ ਦੀਆਂ ਤਿਆਰੀਆਂ 'ਤੇ ਵੀ ਧਿਆਨ ਕੇਂਦ੍ਰਿਤ ਕਰੇਗਾ।
ਸਹਾਇਕ ਕੋਚ ਬਣਨ ਤੋਂ ਬਾਅਦ ਪੋਂਟਿੰਗ ਨੇ ਕਿਹਾ, ''ਮੈਂ ਅਸਲ ਵਿਚ ਇਸ ਸਾਲ ਦੇ ਵਿਸ਼ਵ ਕੱਪ ਲਈ ਕੋਚਿੰਗ ਗਰੁੱਪ ਵਿਚ ਸ਼ਾਮਲ ਹੋਣ 'ਤੇ ਉਤਸ਼ਾਹਿਤ ਹਾਂ। ਮੈਂ ਵਨ ਡੇ ਤੇ ਟੀ-20 ਟੀਮਾਂ ਨਾਲ ਆਪਣੀਆਂ ਪਿਛਲੀਆਂ ਭੂਮਿਕਾਵਾਂ 'ਚ ਮਜ਼ਾ ਲਿਆ ਹੈ ਪਰ ਵਿਸ਼ਵ ਕੱਪ ਮੇਰੇ ਲਈ ਪੂਰੀ ਤਰ੍ਹਾਂ ਵੱਖਰੇ ਮਾਇਨੇ ਰੱਖਦਾ ਹੈ। ਚੋਣਕਾਰਾਂ ਵਲੋਂ ਉਪਲੱਬਧ ਖਿਡਾਰੀਆਂ 'ਤੇ ਮੈਨੂੰ ਪੂਰਾ ਭਰੋਸਾ ਹੈ ਤੇ ਇਸ ਸਾਲ ਦੇ ਵਿਸ਼ਵ ਕੱਪ ਵਿਚ ਸਾਨੂੰ ਹਰਾਉਣਾ ਕਿਸੇ ਵੀ ਟੀਮ ਲਈ ਸੌਖਾ ਨਹੀਂ ਹੋਵੇਗਾ।''
