AUSA v INDA : ਰਹਾਨੇ ਦੇ ਅਜੇਤੂ ਸੈਂਕੜੇ ਨੇ ਭਾਰਤ-ਏ ਨੂੰ ਸੰਭਾਲਿਆ
Sunday, Dec 06, 2020 - 08:23 PM (IST)
ਸਿਡਨੀ– ਭਾਰਤੀ ਉਪ ਕਪਤਾਨ ਅਜਿੰਕਯ ਰਹਾਨੇ (ਅਜੇਤੂ 108) ਨੇ ਸ਼ਾਨਦਾਰ ਸੈਂਕੜਾ ਲਾ ਕੇ ਭਾਰਤ-ਏ ਨੂੰ ਆਸਟਰੇਲੀਆ-ਏ ਵਿਰੁੱਧ 3 ਦਿਨਾ ਅਭਿਆਸ ਮੈਚ ਦੇ ਪਹਿਲੇ ਦਿਨ ਐਤਵਾਰ ਨੂੰ ਸੰਕਟ ਵਿਚੋਂ ਉਭਾਰ ਕੇ 90 ਓਵਰਾਂ ਵਿਚ 8 ਵਿਕਟਾਂ 'ਤੇ 237 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾ ਦਿੱਤਾ।
ਓਪਨਰਾਂ ਪ੍ਰਿਥਵੀ ਸ਼ਾਹ ਤੇ ਸ਼ੁਭਮਨ ਗਿੱਲ ਦੇ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (54) ਦੇ ਅਰਧ ਸੈਂਕੜੇ ਅਤੇ ਰਹਾਨੇ ਦੇ ਸ਼ਾਨਦਾਰ ਅਜੇਤੂ ਸੈਂਕੜੇ ਨੇ ਭਾਰਤ-ਏ ਨੂੰ ਸੰਭਾਲ ਲਿਆ। 5ਵੇਂ ਨੰਬਰ 'ਤੇ ਖੇਡਣ ਉਤਰੇ ਰਹਾਨੇ ਨੇ 228 ਗੇਂਦਾਂ ਵਿਚ 16 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 108 ਦੌੜਾਂ ਬਣਾ ਕੇ ਆਸਟਰੇਲੀਆ ਵਿਰੁੱਧ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਆਪਣੀ ਫਾਰਮ ਦਾ ਸੰਕੇਤ ਦੇ ਦਿੱਤਾ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਉਸਦੀ ਸ਼ੁਰੂਆਤ ਖਰਾਬ ਰਹੀ ਤੇ ਦੋਵੇਂ ਓਪਨਰ ਪ੍ਰਿਥਵੀ ਤੇ ਗਿੱਲ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਗਿੱਲ ਨੂੰ ਮਾਈਕਲ ਨੇਸਰ ਨੇ ਤੇ ਪ੍ਰਿਥਵੀ ਨੂੰ ਜੇਮਸ ਪੈਟਿੰਸਨ ਨੇ ਆਊਟ ਕੀਤਾ। ਹਨੁਮਾ ਵਿਹਾਰੀ 51 ਗੇਂਦਾਂ 'ਤੇ 15 ਦੌੜਾਂ ਬਣਾ ਕੇ ਜੈਕਸਨ ਬਡਰ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਹੋਇਆ। ਭਾਰਤ ਨੇ ਆਪਣੀਆਂ 3 ਵਿਕਟਾਂ ਸਿਰਫ 40 ਦੌੜਾਂ ਤਕ ਗੁਆ ਦਿੱਤੀਆਂ ਸਨ।
ਸ਼ੁਰੂਆਤੀ ਝਟਕਿਆਂ ਤੋਂ ਬਾਅਦ ਭਾਰਤ ਦੇ ਤਜਰਬੇਕਾਰ ਬੱਲੇਬਾਜ਼ ਪੁਜਾਰਾ ਤੇ ਰਹਾਨੇ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਪਾਰੀ ਨੂੰ ਸੰਭਾਲਿਆ। ਦੋਵਾਂ ਬੱਲੇਬਾਜ਼ਾਂ ਵਿਚਾਲੇ ਚੌਥੀ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਸਾਲ ਮਾਰਚ ਵਿਚ ਰਣਜੀ ਟਰਾਫੀ ਫਾਈਨਲ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡਣ ਉਤਰੇ ਪੁਜਾਰਾ ਨੇ 140 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਪੁਜਾਰਾ ਨੂੰ ਪੈਟਿੰਸਨ ਨੇ ਆਊਟ ਕੀਤਾ। ਭਾਰਤ-ਏ ਦੀ ਚੌਥੀ ਵਿਕਟ 116 ਦੇ ਸਕੋਰ 'ਤੇ ਡਿੱਗੀ। ਆਪਣੀ ਫਿਟਨੈੱਸ ਹਾਸਲ ਕਰਨ ਲਈ ਇਸ ਮੁਕਾਬਲੇ ਵਿਚ ਉਤਰਿਆ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਵੀ ਖਾਤਾ ਖੋਲ੍ਹੇ ਬਿਨਾਂ ਕਪਤਾਨ ਟ੍ਰੇਵਿਸ ਹੈੱਡ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਹੋ ਗਿਆ। ਭਾਰਤ ਦੀ 5ਵੀਂ ਵਿਕਟ 121 ਦੇ ਸਕੋਰ 'ਤੇ ਡਿੱਗੀ। ਰਵੀਚੰਦਰਨ ਅਸ਼ਵਿਨ 5 ਦੌੜਾਂ ਬਣਾ ਕੇ ਪੈਟਿੰਸਨ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਹੋ ਗਿਆ ਤੇ ਭਾਰਤ ਨੇ ਆਪਣੀ 6ਵੀਂ ਵਿਕਟ 128 ਦੇ ਸਕੋਰ 'ਤੇ ਗੁਆ ਦਿੱਤੀ।
ਰਹਾਨੇ ਨੇ ਕੁਲਦੀਪ ਯਾਦਵ ਦੇ ਨਾਲ 7ਵੀਂ ਵਿਕਟ ਲਈ 67 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਕੇ ਭਾਰਤੀ ਪਾਰੀ ਨੂੰ ਸੰਭਾਲਿਆ। ਹੈੱਡ ਨੇ ਕੁਲਦੀਪ ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਕੁਲਦੀਪ ਨੇ 78 ਗੇਂਦਾਂ ਵਿਚ 1 ਚੌਕੇ ਦੇ ਸਹਾਰੇ 15 ਦੌੜਾਂ ਬਣਾਈਆਂ। ਰਹਾਨੇ ਨੇ ਫਿਰ ਉਮੇਸ਼ ਯਾਦਵ ਦੇ ਨਾਲ 8ਵੀਂ ਵਿਕਟ ਲਈ 38 ਦੌੜਾਂ ਜੋੜੀਆਂ। ਨੇਸਰ ਨੇ ਉਮੇਸ਼ ਨੂੰ ਐੱਲ. ਬੀ. ਡਬਲਯੂ. ਕੀਤਾ। ਉਮੇਸ਼ ਨੇ 18 ਗੇਂਦਾਂ ਵਿਚ 24 ਦੌੜਾਂ ਦੀ ਤੇਜਤਰਾਰ ਪਾਰੀ ਵਿਚ 4 ਚੌਕੇ ਤੇ 1 ਛੱਕਾ ਲਾਇਆ।
ਸਟੰਪਸ ਤਕ ਰਹਾਨੇ 108 ਦੌੜਾਂ ਤੇ ਮੁਹੰਮਦ ਸਿਰਾਜ ਖਾਤਾ ਖੋਲੇ ਬਿਨ੍ਹਾਂ ਕ੍ਰੀਜ਼ 'ਤੇ ਮਜੂਦ ਸੀ। ਭਾਰਤ ਤੇ ਆਸਟਰੇਲੀਆ ਵਿਚਾਲੇ 17 ਦਸੰਬਰ ਤੋਂ 4 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਹੋਣਾ ਹੈ ਤੇ ਉਸ ਤੋਂ ਪਹਿਲਾਂ ਇਹ ਉਸਦਾ ਪਹਿਲਾ ਮੈਚ ਹੈ। ਆਸਟਰੇਲੀਆ-ਏ ਵਲੋਂ ਪੈਟਿੰਸਨ ਨੇ 19 ਓਵਰਾਂ ਵਿਚ 58 ਦੌੜਾਂ 'ਤੇ 3 ਵਿਕਟਾਂ, ਮਾਈਕਲ ਨੇਸਰ ਨੇ 19 ਓਵਰਾਂ ਵਿਚ 51 ਦੌੜਾਂ 'ਤੇ 2 ਵਿਕਟਾਂ, ਕਪਤਾਨ ਟ੍ਰੇਵਿਸ ਹੈੱਡ ਨੇ 11 ਓਵਰਾਂ ਵਿਚ 24 ਦੌੜਾਂ ਦੇ ਕੇ 2 ਵਿਕਟਾਂ ਤੇ ਜੈਸਨ ਬਡਰ ਨੇ 19 ਓਵਰਾਂ ਵਿਚ 34 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ।
ਨੋਟ- ਰਹਾਨੇ ਦੇ ਅਜੇਤੂ ਸੈਂਕੜੇ ਨੇ ਭਾਰਤ-ਏ ਨੂੰ ਸੰਭਾਲਿਆ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।