AUS vs NZ : ਰਿਟਾਇਰਮੈਂਟ ਮੈਚ ''ਚ ਫਿੰਚ ਫਲਾਪ, ਸਮਿਥ ਦਾ ਸੈਂਕੜਾ, ਆਸਟ੍ਰੇਲੀਆ ਨੇ 3-0 ਨਾਲ ਜਿੱਤੀ ਸੀਰੀਜ਼

Sunday, Sep 11, 2022 - 08:51 PM (IST)

AUS vs NZ : ਰਿਟਾਇਰਮੈਂਟ ਮੈਚ ''ਚ  ਫਿੰਚ ਫਲਾਪ, ਸਮਿਥ ਦਾ ਸੈਂਕੜਾ, ਆਸਟ੍ਰੇਲੀਆ ਨੇ 3-0 ਨਾਲ ਜਿੱਤੀ ਸੀਰੀਜ਼

ਸਪੋਰਟਸ ਡੈਸਕ : ਕਪਤਾਨ ਆਰੋਨ ਫਿੰਚ ਆਪਣੇ ਆਖ਼ਰੀ ਵਨ ਡੇ ਮੈਚ ਵਿਚ ਸਿਰਫ਼ ਪੰਜ ਦੌੜਾਂ ਬਣਾ ਸਕੇ ਪਰ ਸਟਾਰ ਬੱਲੇਬਾਜ਼ ਸਟੀਵ ਸਮਿਥ ਦੀ ਸੈਂਕੜੇ ਵਾਲੀ ਪਾਰੀ ਨਾਲ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਤੇ ਆਖ਼ਰੀ ਵਨ ਡੇ ਮੈਚ ਵਿਚ ਐਤਵਾਰ ਨੂੰ ਇੱਥੇ ਪੰਜ ਵਿਕਟਾਂ 'ਤੇ 267 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 49.5 ਓਵਰਾਂ 'ਚ 242 ਦੌੜਾਂ 'ਤੇ ਆਲ ਆਊਟ ਕਰ ਕੇ ਇਸ ਮੈਚ ਨੂੰ 25 ਦੌੜਾਂ ਨਾਲ ਆਪਣੇ ਨਾਂ ਕੀਤਾ ਤੇ ਸੀਰੀਜ਼ 'ਤੇ 3-0 ਨਾਲ ਕਬਜ਼ਾ ਕੀਤਾ। 

ਨਿਊਜ਼ੀਲੈਂਡ ਵੱਲੋਂ ਗਲੇਨ ਫਿਲਿਪਸ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ ਜਦਕਿ ਆਸਟ੍ਰੇਲੀਆ ਵੱਲੋਂ ਗੇਂਦਬਾਜ਼ੀ ਕਰਦਿਆਂ ਮਿਸ਼ੇਲ ਸਟਾਰਕ ਨੇ ਤਿੰਨ, ਕੈਮਰਨ ਗ੍ਰੀਨ ਤੇ ਸੀਨ ਏਬਾਟ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਸਮਿਥ ਨੇ 131 ਗੇਂਦਾਂ 'ਤੇ ਅਜੇਤੂ 105 ਦੌੜਾਂ ਬਣਾਈਆਂ ਜਿਸ ਵਿਚ 11 ਚੌਕੇ ਤੇ ਇਕ ਛੱਕਾ ਸ਼ਾਮਲ ਹੈ। ਉਨ੍ਹਾਂ ਨੇ ਮਾਰਨਸ ਲਾਬੂਸ਼ਾਨੇ (52) ਦੇ ਨਾਲ ਤੀਜੀ ਵਿਕਟ ਲਈ 118 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਾਹਰ ਕੱਢਿਆ। ਸਮਿਥ ਨੇ ਐਲੇਕਸ ਕੈਰੀ (ਅਜੇਤੂ 42) ਦੇ ਨਾਲ 69 ਦੌੜਾਂ ਦੀ ਵੀ ਸਾਂਝੇਦਾਰੀ ਕੀਤੀ।

ਇਹ ਵੀ ਪੜ੍ਹੋ : ਇਗਾ ਸਵੀਆਤੇਕ ਨੇ ਯੂ. ਐੱਸ. ਓਪਨ ਦੀ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ

ਫਿੰਚ ਆਪਣੇ ਆਖ਼ਰੀ ਵਨ ਡੇ ਵਿਚ ਟਾਸ ਨਹੀਂ ਜਿੱਤ ਸਕੇ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਖ਼ਰਾਬ ਲੈਅ ਵੀ ਜਾਰੀ ਰਹੀ ਜਿਸ ਕਾਰਨ ਉਨ੍ਹਾਂ ਨੇ ਇਸ ਮੈਚ ਤੋਂ ਪਹਿਲਾਂ ਹੀ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਉਹ ਤੇਜ਼ ਗੇਂਦਬਾਜ਼ ਟਿਮ ਸਾਊਥੀ (1/57) ਦੀ ਗੇਂਦ 'ਤੇ ਬੋਲਡ ਹੋ ਗਏ ਪਰ ਇਸ ਤੋਂ ਪਹਿਲਾਂ ਟ੍ਰੇਂਟ ਬੋਲਟ (2/25) ਨੇ ਜੋਸ਼ ਇੰਗਲਿਸ (10) ਦੇ ਰੂਪ ਵਿਚ ਨਿਊਜ਼ੀਲੈਂਡ ਨੂੰ ਪਹਿਲਾ ਵਿਕਟ ਦਿਵਾਇਆ ਸੀ। 

ਆਸਟ੍ਰੇਲੀਆ ਦਾ ਸਕੋਰ ਇਕ ਸਮੇਂ ਦੋ ਵਿਕਟਾਂ 'ਤੇ 16 ਦੌੜਾਂ ਸੀ। ਸਮਿਥ ਤੇ ਲਾਬੂਸ਼ਾਨੇ ਨੇ ਇਸ ਤੋਂ ਬਾਅਦ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਸਮਿਥ ਨੇ ਮਿਸ਼ੇਲ ਸੈਂਟਨਰ ਦੀ ਗੇਂਦ 'ਤੇ ਬੋਲਡ ਹੋਣ ਤੋਂ ਪਹਿਲਾਂ ਵਨ ਡੇ ਵਿਚ ਆਪਣਾ 12ਵਾਂ ਸੈਂਕੜਾ ਪੂਰਾ ਕੀਤਾ। ਗਲੇਨ ਮੈਕਸਵੈੱਲ ਨੇ ਅੱਠ ਗੇਂਦਾਂ 'ਤੇ 14 ਤੇ ਕੈਮਰਨ ਗ੍ਰੀਨ ਨੇ 12 ਗੇਂਦਾਂ 'ਤੇ ਅਜੇਤੂ 25 ਦੌੜਾਂ ਦਾ ਯੋਗਦਾਨ ਦਿੱਤਾ। ਆਸਟ੍ਰੇਲੀਆ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਚੁੱਕਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News