ਢਾਈ ਸਾਲ ਦੀ ਉਮਰ ''ਚ ਕੋਚ ਪਿਤਾ ਦੇ ਸ਼ਾਗਿਰਦਾਂ ਨੇ ਉਤਾਰਿਆ ਪੂਲ ''ਚ

01/07/2020 3:30:22 PM

ਪਟਿਆਲਾ (ਪ੍ਰਤਿਭਾ) : ਢਾਈ ਸਾਲ ਦੀ ਉਮਰ ਵਿਚ ਜਦੋਂ ਬੱਚੇ ਤੋਤਲੀ ਜ਼ੁਬਾਨ ਨਾਲ ਪਾਣੀ ਮੰਗਦੇ ਹਨ, ਉਸ ਨੰਨ੍ਹੀ ਜਿਹੀ ਉਮਰ ਵਿਚ ਰਣਵਿਜੇ ਸਿੰਘ ਚਹਿਲ ਨੇ ਸਵਿਮਿੰਗ ਪੂਲ ਵਿਚ ਵੱਡੇ ਬੱਚਿਆਂ ਦੀ ਗੋਦ ਵਿਚ ਬੈਠ ਕੇ ਉੱਛਲਣਾ ਸ਼ੁਰੂ ਕਰ ਦਿੱਤਾ ਸੀ। ਇੰਨੀ ਛੋਟੀ ਜਿਹੀ ਉਮਰ ਵਿਚ ਪਾਣੀ ਨਾਲ ਲਗਾਅ ਨੇ ਰਣਵਿਜੇ ਨੂੰ 12 ਸਾਲ ਦੀ ਉਮਰ ਵਿਚ 40 ਤੋਂ ਵੱਧ ਮੈਡਲ ਦਿਵਾ ਦਿੱਤੇ ਹਨ। ਸਵਿਮਿੰਗ ਕੋਚ ਰਾਜਪਾਲ ਸਿੰਘ ਚਹਿਲ ਅਤੇ ਮਾਤਾ ਸੰਦੀਪ ਕੌਰ ਚਹਿਲ ਦੇ ਪੁੱਤਰ ਨੂੰ ਸਵਿਮਿੰਗ ਦੇ ਸਭ ਤੋਂ ਪਹਿਲੇ ਗੁਰ ਪਿਤਾ ਦੇ ਸ਼ਾਗਿਰਦਾਂ ਤੋਂ ਹੀ ਮਿਲੇ ਹਨ ਕਿਉਂਕਿ ਕੋਚ ਰਾਜਪਾਲ ਖੇਡ ਵਿਭਾਗ ਦਾ ਕੋਚ ਹੈ ਅਤੇ 2010 ਵਿਚ ਉਸ ਦੀ ਪੋਸਟਿੰਗ ਖੰਨਾ ਵਿਚ ਸੀ, ਜਿਥੇ ਪੂਲ ਬਿਲਕੁਲ ਘਰ ਕੋਲ ਹੀ ਸੀ, ਉਹ ਦੂਜੇ ਬੱਚਿਆਂ ਨੂੰ ਕੋਚਿੰਗ ਦਿੰਦਾ ਸੀ ਅਤੇ ਉਨ੍ਹਾਂ ਵਿਚੋਂ ਹੀ ਕੁਝ ਵੱਡੇ ਬੱਚੇ ਢਾਈ ਸਾਲ ਦੇ ਰਣਵਿਜੇ ਨੂੰ ਗੋਦ ਵਿਚ ਚੁੱਕ ਕੇ ਸਵਿਮਿੰਗ ਪੂਲ ਲੈ ਆਉਂਦੇ ਸਨ ਅਤੇ ਖੁਦ ਪੂਲ ਵਿਚ ਉਤਰ ਕੇ ਉਸ ਨੂੰ ਪਾਣੀ ਵਿਚ ਫੜੀ ਰੱਖਦੇ ਸੀ । ਇਸ 'ਤੇ ਨੰਨ੍ਹਾ ਰਣਵਿਜੇ ਪਾਣੀ ਵਿਚ ਹੀ ਹੱਥ-ਪੈਰ ਮਾਰਨ ਲੱਗ ਗਿਆ ਅਤੇ ਉਥੋਂ ਸਵਿਮਿੰਗ ਦੀ ਸ਼ੁਰੂਆਤ ਹੋਈ।

ਰਣਵਿਜੇ ਨੇ ਪਿਤਾ ਰਾਜਪਾਲ ਸਿੰਘ ਤੋਂ ਹੀ ਸਵਿਮਿੰਗ ਸਿੱਖਣੀ ਸ਼ੁਰੂ ਕਰ ਦਿੱਤੀ ਸੀ । ਜਿਵੇਂ- ਜਿਵੇਂ ਵੱਡਾ ਹੁੰਦਾ ਗਿਆ, ਸਵਿਮਿੰਗ ਪ੍ਰਤੀ ਚਾਹਤ ਵਧਦੀ ਗਈ । 6-7 ਸਾਲ ਦੀ ਉਮਰ ਵਿਚ ਮੁਕਾਬਲਿਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਛੋਟੀ ਉਮਰ ਵਿਚ ਜ਼ਿਲੇ ਦੇ ਬੈਸਟ ਸਵਿਮਰ ਦਾ ਖਿਤਾਬ ਜਿੱਤਿਆ। ਇਸ ਤੋਂ ਇਲਾਵਾ ਪੰਜਾਬ ਪੱਧਰੀ ਮੁਕਾਬਲਿਆਂ ਵਿਚ ਮੈਡਲ ਜਿੱਤੇ, ਉਥੇ 12 ਸਾਲ ਦੀ ਉਮਰ ਵਿਚ ਨੈਸ਼ਨਲ ਪੱਧਰ 'ਤੇ ਵੀ ਹਿੱਸਾ ਲੈ ਚੁੱਕਾ ਹੈ । ਰਣਵਿਜੇ ਦਾ ਕਹਿਣਾ ਹੈ ਕਿ ਉਹ ਸਵਿਮਿੰਗ ਵਿਚ ਹੀ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ । ਅੰਤਰਰਾਸ਼ਟਰੀ ਸਵਿਮਰ ਫੇਲਪਸ ਵਾਂਗ ਉਹ ਵੀ ਦੁਨੀਆ ਵਿਚ ਦੇਸ਼ ਦਾ ਨਾਂ ਚਮਕਾਉਣਾ ਚਾਹੁੰਦਾ ਹੈ । ਉਹ ਕਹਿੰਦਾ ਹੈ ਕਿ ਓਲੰਪਿਕ ਵਿਚ ਹੁਣ ਤੱਕ ਸਵਿਮਿੰਗ ਵਿਚ ਕੋਈ ਮੈਡਲ ਨਹੀਂ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਵੀ ਇਸ ਮੰਜ਼ਿਲ ਤੱਕ ਪਹੁੰਚੇ ਅਤੇ ਇਸ ਲਈ ਉਹ ਮਿਹਨਤ ਕਰ ਰਿਹਾ ਹੈ, ਉਥੇ ਹੀ ਉਸ ਦੀ ਮਾਤਾ, ਜੋ ਹੈਂਡਬਾਲ ਦੀ ਨੈਸ਼ਨਲ ਖਿਡਾਰਨ ਰਹਿ ਚੁੱਕੀ ਹੈ, ਕਹਿੰਦੀ ਹੈ ਕਿ ਉਨ੍ਹਾਂ ਦਾ ਬੇਟਾ ਬਹੁਤ ਮਿਹਨਤੀ ਹੈ ਅਤੇ ਦੇਸ਼ ਲਈ ਮੈਡਲ ਲਿਆਉਣ ਦਾ ਸੁਪਨਾ ਦੇਖਦਾ ਹੈ, ਜਿਸ ਨੂੰ ਉਹ ਜ਼ਰੂਰ ਪੂਰਾ ਕਰੇਗਾ ।

ਰਣਵਿਜੇ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ
ਸਵਿਮਿੰਗ ਦੇ ਵੱਖ-ਵੱਖ ਮੁਕਾਬਲਿਆਂ ਵਿਚ ਹੁਣ ਤੱਕ ਜਿੱਤੇ 40 ਤੋਂ ਵੱਧ ਮੈਡਲ, ਜਿਨ੍ਹਾਂ 'ਚੋਂ ਜ਼ਿਆਦਾਤਰ ਗੋਲਡ
2017 ਤੇ 2018 'ਚ ਜ਼ਿਲੇ ਦਾ ਬੈਸਟ ਸਵਿਮਰ
ਜ਼ਿਲਾ ਪੱਧਰੀ ਮੁਕਾਬਲਿਆਂ 'ਚ 20 ਤੋਂ ਜ਼ਿਆਦਾ ਮੈਡਲ ਜਿੱਤੇ ਹਨ
2017 'ਚ ਸਟੇਟ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ
2017 'ਚ ਸਬ-ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ
2018 'ਚ ਸਟੇਟ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ
2019 'ਚ ਸਕੂਲ ਸਟੇਟ ਗੇਮਜ਼ 'ਚ ਗੋਲਡ ਮੈਡਲ, 3 ਸਿਲਵਰ ਮੈਡਲ ਅਤੇ 1 ਬ੍ਰਾਊਨਜ਼ ਮੈਡਲ


Related News