ਏਸ਼ੀਆਈ ਯੁਵਾ ਟੇਬਲ ਟੈਨਿਸ ਚੈਂਪੀਅਨਸ਼ਿਪ: ਭਾਰਤੀ ਲੜਕੇ ਅਤੇ ਲੜਕੀਆਂ ਨੇ ਜਿੱਤੇ ਸੋਨ ਤਮਗੇ

05/31/2024 12:53:43 PM

ਨਵੀਂ ਦਿੱਲੀ- ਭਾਰਤ ਦੇ ਅੰਡਰ-19 ਅਤੇ ਅੰਡਰ-15 ਲੜਕੇ ਅਤੇ ਲੜਕੀਆਂ ਨੇ ਦੱਖਣੀ ਏਸ਼ੀਆਈ ਯੁਵਾ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਸਿੰਗਲਜ਼ ਅਤੇ ਡਬਲਜ਼ ਮੁਕਾਬਲਿਆਂ ’ਚ ਸੋਨ ਤਮਗੇ ਜਿੱਤੇ। ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ ਅਨੁਸਾਰ ਸ੍ਰੀਲੰਕਾ ਦੇ ਕੈਂਡੀ ’ਚ ਬੀਤੀ ਰਾਤ ਖੇਡੇ ਗਏ ਮੈਚਾਂ ’ਚ ਸੋਨ ਤਮਗੇ ਦੇ ਨਾਲ-ਨਾਲ ਭਾਰਤੀ ਲੜਕੇ ਅਤੇ ਲੜਕੀਆਂ ਨੇ ਸਿੰਗਲਜ਼ ਮੁਕਾਬਲਿਆਂ ’ਚ ਵੀ 4 ਚਾਂਦੀ ਦੇ ਤਮਗੇ ਜਿੱਤੇ।
ਅੰਡਰ-19 ਲੜਕਿਆਂ ਦੇ ਸਿੰਗਲਜ਼ ਫਾਈਨਲ ’ਚ ਅੰਕੁਰ ਭੱਟਾਚਾਰਜੀ ਨੇ ਜਸ਼ ਮੋਦੀ ਨੂੰ 11-8, 5-11, 11-9, 11-6 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਜਸ਼ ਮੋਦੀ ਨੂੰ ਚਾਂਦੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ। ਪਾਕਿਸਤਾਨ ਅਤੇ ਬੰਗਲਾਦੇਸ਼ ਨੇ ਕਾਂਸੀ ਦੇ ਤਮਗੇ ਜਿੱਤੇ।
ਉੱਧਰ ਲੜਕੀਆਂ ਦੇ ਵਰਗ ’ਚ ਸਯਾਲੀ ਵਾਨੀ ਨੇ ਪ੍ਰੀਥਾ ਵਾਰਟਿਕਰ ਨੂੰ 11-9, 10-12, 11-4, 11-8 ਨਾਲ ਹਰਾ ਕੇ ਖਿਤਾਬ ਜਿੱਤਿਆ, ਜਿਸ ਦੀ ਬਦੌਲਤ ਪ੍ਰੀਥਾ ਦੂਜੇ ਸਥਾਨ ’ਤੇ ਪਹੁੰਚ ਗਈ। ਇਸ ਵਰਗ ’ਚ ਪਾਕਿਸਤਾਨ ਅਤੇ ਮੇਜ਼ਬਾਨ ਸ੍ਰੀਲੰਕਾ ਨੂੰ ਕਾਂਸੀ ਦੇ ਤਮਗੇ ਮਿਲੇ।
ਅੰਡਰ-15 ਲੜਕਿਆਂ ’ਚ ਸੋਹਮ ਮੁਖਰਜੀ ਸਾਰਥਕ ਆਰੀਆ ਨੂੰ 11-7, 11-8, 11-7 ਨਾਲ ਹਰਾ ਕੇ ਸਿੰਗਲਜ਼ ਚੈਂਪੀਅਨ ਬਣਿਆ, ਜਦਕਿ ਕਾਂਸੀ ਦਾ ਤਮਗਾ ਪਾਕਿਸਤਾਨ ਦੇ 2 ਪੈਡਲਰਾਂ ਅੱਬਾਸ ਅਮਜਦ ਖਾਨ ਅਤੇ ਅਬਦਾਲ ਮੁਹੰਮਦ ਖਾਨ ਦੇ ਹਿੱਸੇ ਆਇਆ। ਲੜਕੀਆਂ ਦੇ ਅੰਡਰ-15 ਸਿੰਗਲਜ਼ ’ਚ ਸਿੰਡਰੈਲਾ ਦਾਸ ਨੇ ਹਮਵਤਨ ਦਿਵਿਆਂਸ਼ੀ ਬੋਮਿਕ ਨੂੰ 12-10, 8-11, 11-8, 11-9 ਨਾਲ ਹਰਾਇਆ। ਨੇਪਾਲ ਦੀ ਸੁਭਾਸ਼੍ਰੀ ਸ਼੍ਰੇਸ਼ਠ ਅਤੇ ਸ਼੍ਰੀਲੰਕਾ ਦੀ ਯੋਸ਼ਿਨੀ ਜੈਵਰਧਨੇ ਨੂੰ ਕਾਂਸੀ ਦੇ ਤਮਗੇ ਲਈ ਸੰਘਰਸ਼ ਕਰਨਾ ਪਿਆ।
ਅੰਡਰ-19 ਲੜਕਿਆਂ ਦੇ ਡਬਲਜ਼ ’ਚ ਅੰਕੁਰ ਅਤੇ ਜਸ਼ ਨੇ ਪਾਕਿਸਤਾਨੀ ਜੋੜੀ ਸ਼ਯਾਨ ਫਾਰੂਕ ਅਤੇ ਤਾਹਾ ਬਿਲਾਲ ਨੂੰ 11-6, 13-11, 11-9 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਜਦੋਂਕਿ ਤਨੀਸ਼ਾ ਕੋਟੇਚਾ ਅਤੇ ਰਿਸ਼ਾ ਮੀਰਚੰਦਾਨੀ ਨੇ ਨੇਪਾਲੀ ਜੋੜੀ ਬਿਨਾਕਾ ਰਾਏ ਅਤੇ ਇਵਾਨਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਭਾਰਤੀ ਪੈਡਲਰਾਂ ਨੇ ਅੰਡਰ-15 ਲੜਕੇ ਅਤੇ ਲੜਕੀਆਂ ਦੇ ਵਰਗ ਦੇ ਨਾਲ-ਨਾਲ ਅੰਡਰ-19 ਲੜਕੀਆਂ ਦੇ ਵਰਗ ’ਚ ਟੀਮ ਖਿਤਾਬ ਜਿੱਤੇ ਸਨ।


Aarti dhillon

Content Editor

Related News