ਏਸ਼ੀਆਈ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ : 5 ਭਾਰਤੀ ਮਹਿਲਾਵਾਂ ਨੇ ਜਿੱਤਿਆ ਸੋਨਾ, ਪੁਰਸ਼ਾਂ ''ਚ 2 ਨੂੰ ਚਾਂਦੀ

11/17/2019 5:54:00 PM

ਉਲਟਾਨਬਟੋਰ (ਮੰਗੋਲੀਆ)— ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀਆਂ ਭਾਰਤ ਦੀਆਂ 5 ਮਹਿਲਾ ਮੁੱਕੇਬਾਜ਼ਾਂ ਨੇ ਇੱਥੇ ਏਸ਼ੀਆਈ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਨ ਤਮਗੇ ਜਿੱਤ ਲਏ ਜਦਕਿ ਪੁਰਸ਼ਾਂ ਨੇ 2 ਚਾਂਦੀ ਤਮਗੇ ਹਾਸਲ ਕੀਤੇ। ਨਾਓਰਾਮ ਚਾਨੂ (51 ਕਿ.ਗ੍ਰਾ), ਵਿੰਕਾ (64 ਕਿ.ਗ੍ਰਾ), ਸਨਮਾਚਾ ਚਾਨੂ (75 ਕਿ.ਗ੍ਰਾ), ਪੂਨਮ (54 ਕਿ.ਗ੍ਰਾ) ਅਤੇ ਸੁਸ਼ਮਾ (81 ਕਿ.ਗ੍ਰਾ) ਨੇ ਸੋਨ ਤਮਗੇ ਜਿੱਤੇ।

ਪੁਰਸ਼ ਵਰਗ ਵਿਚ ਸੇਲਾਏ ਸਾਯ (49 ਕਿ.ਗ੍ਰਾ) ਅਤੇ ਅੰਕਿਤ ਨਰਵਾਲ (60 ਕਿ.ਗ੍ਰਾ) ਨੂੰ ਫਾਈਨਲ ਵਿਚ  ਹਾਰ ਦੇ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।  ਭਾਰਤ ਨੇ ਚੈਂਪੀਅਨਸ਼ਿਪ ਵਿਚ ਕੁਲ 12 ਤਮਗੇ ਜਿੱਤੇ। ਅਰੁਣਧਤੀ ਚੌਧਰੀ (69 ਕਿ.ਗ੍ਰਾ), ਕੋਮਲਪ੍ਰੀਤ ਕੌਰ (81 ਕਿ.ਗ੍ਰਾ ਤੋਂ ਵੱਧ), ਜੈਸਮਿਨ (57 ਕਿ.ਗ੍ਰਾ), ਸਤਿੰਦਰ ਸਿੰਘ (91 ਕਿ.ਗ੍ਰਾ) ਅਤੇ ਅਮਨ (91 ਕਿ.ਗ੍ਰਾ ਤੋਂ ਵੱਧ) ਨੇ ਵੀ ਕਾਂਸੀ ਤਮਗੇ ਜਿੱਤੇ। ਭਾਰਤ ਲਈ ਦਿਨ ਦੀ ਸ਼ੁਰੂਆਤ ਸੇਲਾਏ ਨੇ ਕੀਤੀ, ਜਿਸ ਨੇ ਫਾਈਨਲ ਵਿਚ ਕਜ਼ਾਕਿਸਤਾਨ ਦੇ ਬਾਜਰਬੇ ਓਲੁ ਮੁਖਾਮੇਦਸੇਫੀ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਨਰਵਾਲ ਵੀ ਇਸ ਤੋਂ ਬਾਅਦ ਜਾਪਾਨ ਦੇ ਰੇਈਤੋ ਸੁਤਸੁਮੇ ਹੱਥੋਂ ਹਾਰ ਗਿਆ। ਪੂਨਮ ਨੇ ਚੀਨ ਦੀ ਵੇਈਕੀ ਕਾਈ ਨੂੰ ਹਰਾ ਕੇ ਭਾਰਤ ਦੇ ਸੋਨ ਤਮਗਿਆਂ ਦਾ ਖਾਤਾ ਖੋਲ੍ਹਿਆ ਜਦਕਿ ਸੁਸ਼ਮਾ ਨੇ ਕਜ਼ਾਕਿਸਤਾਨ ਦੀ ਬਾਕਿਤਝਾਨਕਿਜੀ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਨਾਓਰੇਮ ਚਾਨੂ ਨੇ ਫਾਈਨਲ ਵਿਚ ਕਜ਼ਾਕਿਸਤਾਨ ਦੀ ਅਨੇਲ ਬਰਕਿਆ ਨੂੰ ਹਰਾਇਆ। ਵਿੰਕਾ ਨੇ ਚੀਨ ਦੀ ਹੇਨੀ ਨੁਆਤਾਈਲੀ ਨੂੰ ਹਰਾ ਕੇ ਚੌਥਾ ਸੋਨ ਤਮਗਾ ਭਾਰਤ ਦੀ ਝੋਲੀ ਵਿਚ ਪਾਇਆ ਜਦਕਿ ਚਾਨੂ ਨੇ ਉਜਬੇਕਿਸਤਾਨ ਦੀ ਨਵਬਖੋਰ ਖਾਮਿਦੋਵਾ ਨੂੰ ਹਰਾ ਕੇ ਦੇਸ਼ ਲਈ 5ਵਾਂ ਸੋਨ ਤਮਗਾ ਜਿੱਤਿਆ।


Related News