ਏਸ਼ੀਆਈ ਕਬੱਡੀ ਟੀਮਾਂ ਨਹੀਂ ਆਈਆਂ, ਮੈਚ ਬਣਿਆ ਤਮਾਸ਼ਾ

09/15/2018 6:47:50 PM

ਨਵੀਂ ਦਿੱਲੀ : 18ਵੀਆਂ ਏਸ਼ੀਆਈ ਖੇਡਾਂ ਵਿਚ ਕਾਂਸੀ ਤੇ ਚਾਂਦੀ ਤਮਗਾ ਜਿੱਤਣ ਵਾਲੀਆਂ ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਇੰਦਰਾ ਗਾਂਧੀ ਸਟੇਡੀਅਮ ਵਿਚ ਸ਼ਨੀਵਾਰ ਨੂੰ ਮੈਚ ਖੇਡਣ ਨਹੀਂ ਪਹੁੰਚੀਆਂ, ਜਿਸ ਤੋਂ ਬਾਅਦ ਪੂਰਾ ਮਾਮਲਾ ਹੀ ਇਕ ਤਮਾਸ਼ਾ ਬਣ ਕੇ ਰਹਿ ਗਿਆ। ਏਸ਼ੀਆਈ ਖੇਡਾਂ ਵਿਚ ਉਤਰਨ ਵਾਲੀਆਂ ਟੀਮਾਂ ਤੇ ਇਨ੍ਹਾਂ ਟੀਮਾਂ ਵਿਚ ਨਾ ਚੁਣੇ ਗਏ ਖਿਡਾਰੀਆਂ ਵਿਚਾਲੇ ਇਹ ਮੁਕਾਬਲਾ ਹੋਣਾ ਸੀ ਪਰ ਏਸ਼ੀਆਈ ਖੇਡਾਂ ਦੀਆਂ ਕਬੱਡੀ ਟੀਮਾਂ ਇਸ ਮੁਕਾਬਲੇ ਲਈ ਨਹੀਂ ਪਹੁੰਚੀਆਂ। ਦਿੱਲੀ ਹਾਈ ਕੋਰਟ ਦੇ ਰਿਟਾ. ਜੱਜ ਐੱਸ. ਪੀ. ਗਰਗ ਨੂੰ ਇਸ ਮੈਚ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਸੀ ਤੇ ਉਨ੍ਹਾਂ ਨਾਲ ਖੇਡ ਮੰਤਰਾਲਾ ਦਾ ਇਕ ਅਧਿਕਾਰੀ ਵੀ ਸੀ।
Image result for asian indian kabaddi teams not arrived in match

ਦਰਅਸਲ ਏਸ਼ੀਆਈ ਖੇਡਾਂ ਲਈ ਭਾਰਤੀ ਕਬੱਡੀ ਟੀਮਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਸਾਬਕਾ ਕਬੱਡੀ ਖਿਡਾਰੀ ਮਹੀਪਾਲ ਸਿੰਘ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਉਸ ਨੇ ਭਾਰਤੀ ਐਮੇਚਿਓਰ ਕਬੱਡੀ ਮਹਾਸੰਘ (ਏ. ਐੱਫ. ਕੇ. ਆਈ.) 'ਤੇ ਰਿਸ਼ਵਤ ਲੈ ਕੇ ਖਿਡਾਰੀਆਂ ਦੀ ਚੋਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਅਦਾਲਤ ਨੇ ਫੈਸਲਾ ਲਿਆ ਸੀ ਕਿ ਖੇਡਾਂ ਦੀ ਸਮਾਪਤੀ ਤੋਂ ਬਾਅਦ ਇਕ ਮੈਚ ਦਾ ਆਯੋਜਨ ਕੀਤਾ ਜਾਵੇਗਾ ਤਾਂ ਕਿ ਇਹ ਪਤਾ ਲੱਗ ਸਕੇ ਕਿ ਖਿਡਾਰੀਆਂ ਦੀ ਚੋਣ ਦੇ ਮਾਮਲੇ ਵਿਚ ਮਹੀਪਾਲ ਦੇ ਦੋਸ਼ ਸਹੀ ਹਨ ਜਾਂ ਨਹੀਂ।
Image result for asian indian kabaddi teams not arrived in match

ਸਟੇਡੀਅਮ ਵਿਚ ਮਹੀਪਾਲ ਤੇ ਏ. ਐੱਫ. ਕੇ. ਆਈ. ਦੇ ਅਧਿਕਾਰੀ ਵੀ ਮੌਜੂਦ ਸਨ ਪਰ ਖਿਡਾਰੀ ਨਹੀਂ ਪੁਹੰਚੇ ਤੇ ਮੈਚ ਵਿਰੋਧੀ ਧੜੇ ਦੇ ਖਿਡਾਰੀਆਂ ਵਿਚਾਲੇ ਖੇਡਿਆ ਗਿਆ। ਇਸ ਮੈਚ ਲਈ ਵੱਡੀ ਗਿਣਤੀ ਵਿਚ ਮੀਡੀਆ ਕਰਮੀ ਵੀ ਪਹੁੰਚੇ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਜੱਜ ਐੱਸ. ਪੀ. ਗਰਗ ਨੇ ਵਿਰੋਧੀ ਧੜੇ ਦੇ ਖਿਡਾਰੀਆਂ ਵਿਚਾਲੇ ਖੇਡੇ ਗਏ ਦੋਸਤਾਨਾ ਮੈਚਾਂ ਦਾ ਮਜ਼ਾ ਤਾਂ ਲਿਆ ਪਰ ਮੀਡੀਆ ਦੇ ਵਾਰ-ਵਾਰ ਪੁੱਛੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਮੈਚ ਦੇਖਣ ਆਏ ਸਨ ਤੇ ਮੈਚ ਦੇਖ ਰਹੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕੀ ਐਕਸ਼ਨ ਲੈਣ ਜਾ ਰਹੇ ਹਨ ਤਾਂ ਉਨ੍ਹਾਂ ਨੇ ਇੰਨਾ ਹੀ ਦੱਸਿਆ ਕਿ ਆਪਣੀ ਰਿਪੋਰਟ ਕੋਰਟ ਨੂੰ ਸੌਂਪਣਗੇ। 
 

ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਵਿਚ ਲਗਾਤਾਰ 7 ਵਾਰ ਸੋਨ ਤਮਗਾ ਜਿੱਤਿਆ ਸੀ ਪਰ ਉਸ ਨੂੰ ਸੈਮੀਫਾਈਨਲ ਵਿਚ ਈਰਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਉਸ ਨੂੰ ਕਾਂਸੀ ਤਮਗਾ ਮਿਲਿਆ ਸੀ। ਪਿਛਲੀ ਦੋ ਵਾਰ ਦੀ ਚੈਂਪੀਅਨ ਮਹਿਲਾ ਟੀਮ ਫਾਈਨਲ ਵਿਚ ਈਰਾਨ ਹੱਥੋਂ ਹਾਰ ਕੇ ਚਾਂਦੀ 'ਤੇ ਹੀ ਰੁਕ ਗਈ ਸੀ। ਦੋਵਾਂ ਟੀਮਾਂ ਦੀ ਹਾਰ ਤੋਂ ਇਸ ਗੱਲ ਨੂੰ ਬਲ ਮਿਲਿਆ ਸੀ ਕਿ ਕਬੱਡੀ ਟੀਮਾਂ ਦੀ ਚੋਣ ਪ੍ਰਕਿਰਿਆ ਵਿਚ ਕਿਤੇ ਨਾ ਕਿਤੇ ਕੁਝ ਖਾਮੀ ਸੀ।
ਹੈਰਾਨੀਜਨਕ ਗੱਲ ਇਹ ਸੀ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਏਸ਼ੀਆਡ ਵਿਚ ਖੇਡਣ ਗਏ ਖਿਡਾਰੀ ਇਸ ਮੁਕਾਬਲੇ ਲਈ ਨਹੀਂ ਪਹੁੰਚੇ। ਜਕਾਰਤਾ ਏਸ਼ੀਆਡ ਵਿਚ ਖੇਡੀਆਂ ਟੀਮਾਂ ਨੂੰ ਚੁਣੌਤੀ ਦੇਣ ਲਈ ਦੇਸ਼ ਭਰ ਦੇ ਲਗਭਗ 80 ਖਿਡਾਰੀ ਪਹੁੰਚੇ ਤੇ ਉਨ੍ਹਾਂ ਨੇ ਆਪਸ ਵਿਚ ਮੈਚ ਖੇਡੇ। ਸਟੇਡੀਅਮ ਵਿਚ ਮੌਜੂਦ ਅਧਿਕਾਰੀਆਂ ਵਿਚੋਂ ਕੋਈ ਵੀ ਸਹੀ ਸਥਿਤੀ ਦੱਸਣ ਲਈ ਤਿਆਰ ਨਹੀਂ ਸੀ ਤੇ ਆਏ ਹੋਏ ਖਿਡਾਰੀ ਵੱਖ-ਵੱਖ ਜਗ੍ਹਾ 'ਤੇ ਬੈਠੇ ਹੋਏ ਸਨ।

 

ਮੀਡੀਆ ਨੂੰ ਜਿਸ ਮੁਕਾਬਲੇ ਦਾ ਇੰਤਜ਼ਾਰ ਸੀ, ਉਹ ਤਾਂ ਨਹੀਂ ਹੋਇਆ ਪਰ ਜੋ ਕੁਝ ਹੋਇਆ, ਉਹ ਵੀ ਕਿਸੇ ਤਮਾਸ਼ੇ ਤੋਂ ਘੱਟ ਨਹੀਂ ਸੀ। ਇਹ ਮੰਨਿਆ ਜਾ ਰਿਹਾ ਸੀ ਹੈ ਕਿ ਇਸ ਵਿਵਾਦ ਦੇ ਪਿੱਛੇ ਕਬੱਡੀ ਫੈੱਡਰੇਸ਼ਨ ਤੇ ਹਾਲ ਹੀ ਵਿਚ ਐਲਾਨ ਨਿਊ ਕਬੱਡੀ ਫੈੱਡਰੇਸ਼ਨ ਵਿਚਾਲੇ ਗਲਬਾ ਬਣਾਉਣ ਦੀ ਲੜਾਈ ਹੈ। ਕਬੱਡੀ ਫੈੱਡਰੇਸ਼ਨ ਪਿਛਲੇ ਕਈ ਸਾਲਾਂ ਤੋਂ ਪ੍ਰੋ ਕਬੱਡੀ ਲੀਗ ਦਾ ਆਯੋਜਨ ਕਰ ਰਿਹਾ ਹੈ ਤੇ ਨਵੀਂ ਬਣੀ ਫੈੱਡਰੇਸ਼ਨ ਨੇ ਵੀ ਆਪਣੀ ਕਬੱਡੀ ਲੀਗ ਕਰਵਾਉਣ ਦਾ ਐਲਾਨ ਕੀਤਾ ਹੈ। ਕਬੱਡੀ 'ਤੇ ਗਲਬਾ ਬਣਾਉਣ ਨੂੰ ਲੈ ਕੇ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਹੈ ਪਰ ਇਸ ਲੜਾਈ ਵਿਚ ਨੁਕਸਾਨ ਭਾਰਤੀ ਕਬੱਡੀ ਦਾ ਹੋ ਰਿਹਾ ਹੈ।


Related News