ਏਸ਼ੀਆਈ ਹਾਕੀ : ਭਾਰਤੀ ਮਹਿਲਾਵਾਂ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

Saturday, Aug 25, 2018 - 11:58 PM (IST)

ਏਸ਼ੀਆਈ ਹਾਕੀ : ਭਾਰਤੀ ਮਹਿਲਾਵਾਂ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

ਜਕਾਰਤਾ-ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਕੋਰੀਆ ਨੂੰ ਸ਼ਨੀਵਾਰ ਨੂੰ 4-1 ਨਾਲ ਹਰਾ ਕੇ 18ਵੀਆਂ ਏਸ਼ੀਆਈ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਭਾਰਤੀ ਟੀਮ  ਦੀ ਪੂਲ-ਬੀ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਹ 9 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਆ ਗਈ ਹੈ।  ਕੋਰੀਆ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ 6 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਭਾਰਤ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ 8-0 ਨਾਲ ਤੇ ਕਜ਼ਾਕਿਸਤਾਨ ਨੂੰ 21-0 ਨਾਲ ਹਰਾਇਆ ਸੀ। ਭਾਰਤ ਦਾ ਆਖਰੀ ਪੂਲ ਮੁਕਾਬਲਾ ਸੋਮਵਾਰ ਨੂੰ ਥਾਈਲੈਂਡ ਨਾਲ ਹੋਣਾ ਹੈ।
ਭਾਰਤੀ ਟੀਮ ਪਹਿਲੇ ਕੁਆਰਟਰ ਤਕ ਕੋਈ ਗੋਲ ਨਹੀਂ ਕਰ ਸਕੀ ਸੀ ਪਰ ਦੂਜਾ ਕੁਆਰਟਰ ਸ਼ੁਰੂ ਹੁੰਦੇ ਹੀ ਨਵਨੀਤ ਕੌਰ ਨੇ 16ਵੇਂ ਮਿੰਟ ਵਿਚ ਪਹਿਲਾ ਗੋਲ ਕਰ ਦਿੱਤਾ। ਯੂਰੀਮ ਲੀ ਨੇ 21ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ 'ਤੇ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਪਹਿਲੇ ਹਾਫ ਤਕ ਦੋਵੇਂ ਹੀ ਟੀਮਾਂ 1-1 ਦੀ ਬਰਾਬਰੀ 'ਤੇ ਸਨ।
ਤੀਜਾ ਕੁਆਰਟਰ ਵੀ ਬਰਾਬਰੀ 'ਤੇ ਲੰਘਿਆ ਪਰ ਭਾਰਤ ਨੇ ਆਖਰੀ 7 ਮਿੰਟਾਂ ਵਿਚ ਤਿੰਨ ਗੋਲ ਕਰ ਕੇ ਮੈਚ ਆਪਣੇ ਪੱਖ ਵਿਚ ਕਰ ਲਿਆ। ਗੁਰਜੀਤ ਕੌਰ ਨੇ 54ਵੇਂ ਮਿੰਟ ਵਿਚ ਦੂਜਾ ਤੇ 55ਵੇਂ ਮਿੰਟ ਵਿਚ ਤੀਜਾ ਗੋਲ ਕਰ ਕੇ ਭਾਰਤ ਦੀ ਸਥਿਤੀ ਮਜ਼ਬੂਤ ਕਰ ਦਿੱਤੀ। ਗੁਰਜੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ 'ਤੇ ਕੀਤੇ। ਵੰਦਨਾ ਕਟਾਰੀਆ ਨੇ 56ਵੇਂ ਮਿੰਟ ਵਿਚ ਭਾਰਤ ਦਾ ਚੌਥਾ ਗੋਲ ਕਰ ਕੇ ਕੋਰੀਆ ਦਾ ਸੰਘਰਸ਼ ਖਤਮ ਕਰ ਦਿੱਤਾ।


Related News