ਹਾਰ ਤੋਂ ਬਾਅਦ ਆਪਣੇ ਹੰਝੂ ਨਾ ਰੋਕ ਸਕੀ ਦੀਪਿਕਾ, ਦੇਖੋ ਭਾਵੁਕ ਤਸਵੀਰਾਂ
Friday, Aug 24, 2018 - 02:17 PM (IST)
ਨਵੀਂ ਦਿੱਲੀ— ਖਰਾਬ ਫਾਰਮ ਨਾਲ ਜੂਝ ਰਹੇ ਭਾਰਤੀ ਰਿਕਰਵ ਤੀਰਅੰਦਾਜ਼ਾਂ ਨੂੰ ਅੱਜ ਏਸ਼ੀਆਈ ਖੇਡਾਂ 2018 'ਚ ਇਕ ਹੋਰ ਝਟਕਾ ਲੱਗਾ ਜਦੋਂ ਦੀਪਿਕਾ ਕੁਮਾਰੀ ਅਤੇ ਅਤਨੂ ਦਾਸ ਹੇਠਲੀ ਰੈਂਕਿੰਗ ਵਾਲੀ ਮੰਗੋਲੀਆ ਤੋਂ ਇੱਥੇ ਸ਼ੂਟਆਫ 'ਚ ਹਾਰ ਗਏ। ਇਸ ਦੌਰਾਨ ਦੀਪਿਕਾ ਕੁਮਾਰੀ ਭਾਵੁਕ ਹੋ ਗਈ ਅਤੇ ਆਪਣੇ ਹੰਝੂ ਰੋਕ ਨਾ ਸਕੀ।

ਹਾਰ ਦਾ ਕਾਰਨ
ਮਿਕਸਡ ਟੀਮ ਕੁਆਰਟਰ ਫਾਈਨਲ 'ਚ ਭਾਰਤ ਨੂੰ 4.5 ਨਾਲ ਹਾਰ ਝਲਣੀ ਪਈ ਜਦੋਂ ਦੀਪਿਕਾ ਨੇ ਦਬਾਅ ਦੇ ਹਾਲਾਤ 'ਚ ਗੋਡੇ ਟੇਕ ਦਿੱਤੇ। ਸ਼ੂਟ ਆਫ ਦੇ ਦੂਜੇ ਸ਼ਾਟ 'ਚ ਉਸ ਨੇ 7 ਸਕੋਰ ਕੀਤਾ ਜੋ ਹਾਰ ਦਾ ਕਾਰਨ ਬਣਿਆ। ਇਸ ਵਿਚਾਲੇ ਅਭਿਸ਼ੇਕ ਵਰਮਾ ਅਤੇ ਜਿਓਤੀ ਸੁਰੇਖਾ ਦੀ ਕੰਪਾਊਂਡ ਟੀਮ ਇਰਾਕ ਦੀ ਫਾਤਿਮਾ ਸਾਦ ਮਹਿਮੂਦ ਅਤੇ ਇਸ਼ਾਕ ਇਬ੍ਰਾਹਿਮ ਮੁਹੰਮਦ ਨੂੰ 155.147 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚ ਗਈ। ਹੁਣ ਉਨ੍ਹਾਂ ਦਾ ਸਾਹਮਣਾ ਇਰਾਨ ਨਾਲ ਹੋਵੇਗਾ।

ਪੱਕੀ ਮੰਨੀ ਜਾ ਰਹੀ ਸੀ ਭਾਰਤ ਦੀ ਜਿੱਤ
ਦੁਨੀਆ ਦੀ ਸਤਵੇਂ ਨੰਬਰ ਦੀ ਤੀਰਅੰਦਾਜ਼ ਦੀਪਿਕਾ ਅਤੇ 19ਵੀਂ ਰੈਂਕਿੰਗ ਵਾਲੇ ਅਤਨੂ ਲਈ ਮੰਗੋਲੀਆ ਦੀ ਚੁਣੌਤੀ ਆਸਾਨ ਮੰਨੀ ਜਾ ਰਹੀ ਸੀ। ਬਿਸ਼ਿੰਦੀ ਬਾਤਾਰਖੁਯਾ ਵਿਸ਼ਵ ਰੈਂਕਿੰਗ 'ਚ 254ਵੇਂ ਅਤੇ ਓਗੋਬੋਲਡ ਬਾਤਾਰਖੁਯਾ 94ਵੇਂ ਨੰਬਰ 'ਤੇ ਹਨ। ਉਨ੍ਹਾਂ ਨੇ ਸ਼ੁਰੂ 'ਚ ਹੀ 2.0 ਦੀ ਬੜ੍ਹਤ ਬਣਾ ਲਈ।

ਭਾਰਤੀ ਟੀਮ ਨੇ ਅਗਲੇ ਦੋ ਸੈਟ ਜਿੱਤੇ ਪਰ ਮੰਗੋਲੀਆ ਨੇ ਫਿਰ ਵਾਪਸੀ ਕਰਕੇ ਮੁਕਾਬਲੇ ਨੂੰ ਸ਼ੂਟਆਫ 'ਚ ਖਿੱਚਿਆ। ਫੈਸਲਾਕੁੰਨ ਸ਼ੂਟਆਫ 'ਚ ਦੋਹਾਂ ਟੀਮਾਂ ਨੇ ਪਹਿਲੇ ਸ਼ਾਟ 'ਚ 10 ਦਾ ਸਕੋਰ ਕੀਤਾ। ਮੰਗੋਲੀਆ ਨੇ ਦੂਜੇ ਸ਼ਾਟ 'ਚ 9 ਅਤੇ ਦੀਪਿਕਾ ਨੇ 7 ਸਕੋਰ ਕੀਤਾ। ਹਾਰ ਦੇ ਬਾਅਦ ਦੀਪਿਕਾ ਚਿਹਰਾ ਹੱਥ ਨਾਲ ਲੁਕਾ ਕੇ ਉੱਥੇ ਹੀ ਬੈਠ ਗਈ ਜਿਸ 'ਤੇ ਅਤਨੂ ਨੇ ਹਮਦਰਦੀ ਪ੍ਰਗਟਾਈ।


