ਏਸ਼ੀਆਈ ਕੱਪ ਕੁਆਲੀਫਾਇਰਸ : ਛੇਤਰੀ ਦੀ ਅਗਵਾਈ ''ਚ ਕੰਬੋਡੀਆ ''ਤੇ ਵੱਡੀ ਜਿੱਤ ਦਰਜ ਕਰਨ ਉਤਰੇਗਾ ਭਾਰਤ
Wednesday, Jun 08, 2022 - 02:15 PM (IST)

ਕੋਲਕਾਤਾ- ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁੱਟਬਾਲ ਟੀਮ ਕੋਲਕਾਤਾ ਤੋਂ ਅਗਲੇ ਸਾਲ ਹੋਣ ਵਾਲੇ ਏ. ਐੱਫ. ਸੀ. ਏਸ਼ੀਅਨ ਕੱਪ ਦੇ ਫਾਈਨਲ ਪੜਾਅ ਵਿਚ ਪੁੱਜਣ ਲਈ ਤਿਆਰ ਹੈ। ਬਲੂ ਟਾਈਗਰਜ਼ ਦਾ ਪਹਿਲਾ ਕੁਆਲੀਫਾਇੰਗ ਮੈਚ ਬੁੱਧਵਾਰ ਨੂੰ ਕੋਲਕਾਤਾ ਦੇ ਯੁਵਾ ਭਾਰਤੀ ਖੇਡ ਮੈਦਾਨ 'ਚ ਆਪਣੇ ਤੋਂ ਕਿਤੇ ਵੱਧ ਰੈਂਕਿੰਗ ਵਾਲੇ ਕੰਬੋਡੀਆ ਨਾਲ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮੁਕਾਬਲਿਆਂ ਵਿਚ ਬਹਿਰੀਨ ਨੇ ਭਾਰਤ ਨੂੰ 2-1, ਬੇਲਾਰੂਸ ਨੇ 3-0 ਤੇ ਜਾਰਡਨ ਨੇ 2-0 ਨਾਲ ਹਰਾਇਆ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੰਬੋਡੀਆ ਪ੍ਰਦਰਸ਼ਨ ਦੇ ਆਧਾਰ 'ਤੇ ਭਾਰਤ ਤੋਂ ਕਿਤੇ ਮਜ਼ਬੂਤ ਟੀਮ ਨਜ਼ਰ ਆ ਰਹੀ ਹੈ। ਉਸ ਨੇ ਪਿਛਲੇ ਤਿੰਨ ਸਾਲ ਵਿਚ 18 'ਚੋਂ 11 ਮੁਕਾਬਲੇ ਜਿੱਤੇ ਹਨ। ਪੰਜ ਡਰਾਅ ਕੀਤੇ ਹਨ ਜਦਕਿ ਸਿਰਫ਼ ਦੋ ਮੈਚ ਹਾਰੇ ਹਨ। ਭਾਰਤ-ਕੰਬੋਡੀਆ ਵਿਚਾਲੇ ਹੁਣ ਤਕ ਚਾਰ ਮੈਚ ਹੋਏ ਹਨ ਜਿਨ੍ਹਾਂ ਵਿਚੋਂ ਤਿੰਨ ਵਿਚ ਭਾਰਤ ਜਦਕਿ ਸਿਰਫ਼ ਇਕ ਮੈਚ ਵਿਚ ਕੰਬੋਡੀਆ ਨੇ ਜਿੱਤ ਹਾਸਲ ਕੀਤੀ ਹੈ।
ਪਿਛਲੀ ਵਾਰ ਦੋਵੇਂ ਟੀਮਾਂ 2017 ਵਿਚ ਕੰਬੋਡੀਆ ਵਿਚ ਦੋਸਤਾਨਾ ਮੈਚ ਵਿਚ ਭਿੜੀਆਂ ਸਨ। ਭਾਰਤ ਨੇ ਉਸ ਮੈਚ ਵਿਚ ਕੰਬੋਡੀਆ ਨੂੰ ਉਸ ਦੀ ਧਰਤੀ 'ਤੇ 3-2 ਗੋਲਾਂ ਨਾਲ ਹਰਾਇਆ ਸੀ। ਭਾਰਤੀ ਟੀਮ ਦੇ ਕੋਚ ਇਗੋਰ ਸਟਿਮਕ ਨੇ ਕਿਹਾ ਕਿ 'ਮੈਂ ਹਰ ਇਕ ਵਿਰੋਧੀ ਦਾ ਸਨਮਾਨ ਕਰਦਾ ਹਾਂ ਪਰ ਉਨ੍ਹਾਂ ਦੀ ਰੈਂਕਿੰਗ ਨਹੀਂ ਦੇਖਦਾ। ਅਸੀਂ ਸ਼ੁਰੂ ਤੋਂ ਹੀ ਵਿਰੋਧੀ ਟੀਮ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਖੇਡ ਆਪਣੇ ਕਾਬੂ ਵਿਚ ਲਿਆਉਣੀ ਪਵੇਗੀ ਤੇ ਅਸੀਂ ਇਸ ਲਈ ਤਿਆਰ ਹਾਂ।'