ਏਸ਼ੀਅਨ ਚੈਂਪੀਅਨਸ਼ਿਪ : ਮਨੂੰ ਭਾਕਰ ਨੇ ਸੋਨ ਤਮਗੇ ''ਤੇ ਲਾਇਆ ਨਿਸ਼ਾਨਾ
Wednesday, Nov 06, 2019 - 04:23 PM (IST)

ਨਵੀਂ ਦਿੱਲੀ : 14ਵੇਂ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਦੀ ਨਿਸ਼ਾਨੇਬਾਜ਼ ਮਨੂੰ ਭਾਕਰ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗਾ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਦੀਪਕ ਕੁਮਾਰ ਨੇ ਕਾਂਸੀ ਤਮਗਾ ਜਿੱਤਣ ਦੇ ਨਾਲ ਹੀ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕੀਤਾ। ਭਾਕਰ ਨੇ ਫਾਈਨਲ ਵਿਚ 244.3 ਦੇ ਸਕੋਰ ਦੇ ਨਾਲ ਪਹਿਲੇ ਸਥਾਨ 'ਤੇ ਰਹਿੰਦਿਆਂ ਸੋਨ ਤਮਗਾ ਆਪਣੇ ਨਾਂ ਕੀਤਾ। ਚੈਂਪੀਅਨਸ਼ਿਪ ਵਿਚ ਭਆਰਤ ਦਾ ਇਹ ਪਹਿਲਾ ਤਮਗਾ ਹੈ। ਮਨੂੰ ਪਹਿਲਾਂ ਹੀ ਟੋਕੀਓ ਓਲੰਪਿਕ 2020 ਕੋਟਾ ਹਾਸਲ ਕਰ ਚੁੱਕੀ ਹੈ।
ਚੀਨ ਦੀ ਕਿਆਨ ਵਾਂਗ 242.8 ਸਕੋਰ ਦੇ ਨਾਲ ਚਾਂਦੀ ਅਤੇ ਵਾਂਗ ਦੀ ਹਮਵਤਨ ਰੇਨਕਸਿਨ ਜਿਆਂਗ ਨੇ 220.2 ਸਕੋਰ ਦੇ ਨਾਲ ਇਸ ਮੁਕਾਬਲੇ ਵਿਚ ਕਾਂਸੀ ਤਮਗਾ ਹਾਸਲ ਕੀਤਾ। ਭਾਰਤ ਦੀ ਯਸ਼ਸਵਣੀ ਸਿੰਘ ਦੇਸ਼ਵਾਲ ਨੇ ਇਸ ਮੁਕਾਬਲੇ ਵਿਚ 157.4 ਦੇ ਸਕੋਰ ਦੇ ਨਲਾ 6ਵਾਂ ਸਥਾਨ ਹਾਸਲ ਕੀਤਾ। ਦੱਸ ਦਈਏ ਕਿ 17 ਸਾਲ ਦੀ ਨੌਜਵਾਨ ਮਨੂੰ ਭਾਕਰ ਨੇ ਇਸ ਸਾਲ ਮਈ ਵਿਚ ਜਰਮਨੀ ਦੇ ਮਿਊਨਿਖ ਵਿਚ ਹੋਏ ਵਰਲਡ ਕੱਪ ਨਿਸ਼ਾਨੇਬਾਜ਼ੀ ਟੂਰਨਾਮੈਂਟ ਵਿਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਚੌਥੇ ਸਥਾਨ 'ਤੇ ਰਹਿੰਦਿਆਂ ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕੀਤਾ ਸੀ।