Legends League : ਗੰਭੀਰ ਦਾ ਅਰਧ-ਸੈਂਕੜਾ ਗਿਆ ਬੇਕਾਰ, ਏਸ਼ੀਆ ਲਾਇਨਜ਼ ਤੋਂ ਹਾਰੇ ਇੰਡੀਆ ਮਹਾਰਾਜਾ
Saturday, Mar 11, 2023 - 12:53 AM (IST)
ਸਪੋਰਟਸ ਡੈਸਕ: ਲੈਜੇਂਡਸ ਲੀਗ ਕ੍ਰਿਕਟ 2023 ਦੇ ਪਹਿਲੇ ਹੀ ਮੁਕਾਬਲੇ ਵਿਚ ਏਸ਼ੀਆ ਲਾਇਨਜ਼ ਨੇ ਇੰਡੀਆ ਮਹਾਰਾਜਾ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਏਸ਼ੀਆ ਲਾਇਨਜ਼ ਦੀ ਕਪਤਾਨੀ ਜਿੱਥੇ ਸ਼ਾਹਿਦ ਅਫ਼ਰੀਦੀ ਕਰ ਰਹੇ ਹਨ ਤਾਂ ਉੱਥੇ ਹੀ ਇੰਡੀਆ ਮਹਾਰਾਜ ਦੀ ਕਮਾਨ ਗੌਤਮ ਗੰਭੀਰ ਦੇ ਕੋਲ ਹੈ। ਟਾੱਸ ਜਿੱਤਣ ਤੋਂ ਬਾਅਦ ਏਸ਼ੀਆ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ। ਟੀਮ ਨੇ ਮਿਸਬਾਹ ਦੇ 73 ਤੇ ਥਰੰਗਾ ਦੇ 40 ਦੌੜਾਂ ਦੀ ਬਦੌਲਤ 165 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਨ ਉਤਰੀ ਇੰਡੀਆ ਮਹਾਰਾਜ ਦੀ ਟੀਮ ਕਪਤਾਨ ਗੌਤਮ ਗੰਭੀਰ ਦੇ ਅਰਧ ਸੈਂਕੜੇ ਦੇ ਬਾਵਜੂਦ 156 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਵੀ ਪੜ੍ਹੋ - WPL 2023: RCB ਨੂੰ ਮਿਲੀ ਇਕ ਹੋਰ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਦਿੱਤੀ ਸ਼ਿਕਸਤ
ਇਸ ਤੋਂ ਪਹਿਲਾਂ ਏਸ਼ੀਆ ਲਾਇਨਜ਼ ਨੇ ਸ਼ੁਰੂਆਤੀ 3 ਓਵਰਾਂ 'ਚ ਹੀ ਤਿਲਕਰਤਨੇ ਦਿਲਸ਼ਾਨ ਤੇ ਅਸਗਰ ਅਫ਼ਗਾਨ ਦੀ ਵਿਕਟ ਗੁਆ ਦਿੱਤੀ ਸੀ। ਇਸ ਤੋਂ ਬਾਅਦ ਉਪਲ ਥਰੰਗਾ ਤੇ ਮਿਸਬਾਹ ਨੇ 100 ਤੋਂ ਵਧ ਦੌੜਾਂ ਦੀ ਸਾਂਝੇਦਾਰੀ ਕਰ ਪਾਰੀ ਨੂੰ ਅੱਗੇ ਤੋਰਿਆ। ਥਰੰਗਾ 39 ਗੇਂਦਾਂ 'ਚ 2 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾ ਕੇ ਅਵਾਨਾ ਦੀ ਗੇਂਦ 'ਤੇ ਕੈਫ਼ ਹੱਥ ਕੈਚ ਥਮਾ ਬੈਠੇ। ਇਸ ਤੋਂ ਬਾਅਦ ਮਿਸਬਾਹ ਨੇ ਸ਼ਾਹਿਦ ਅਫ਼ਰੀਦੀ (12) ਨਾਲ ਪਾਰੀ ਨੂੰ ਅੱਗੇ ਵਧਾਇਆ। ਅਖ਼ੀਰਦੇ ਓਵਰਾਂ ਵਿਚ ਪਰੇਰਾ ਤੇ ਰਜ਼ਾਕ ਨੇ ਕੀਮਤੀ ਦੌੜਾਂ ਬਣਾ ਕੇ 6 ਵਿਕਟਾਂ ਦੇ ਨੁਕਸਾਨ 'ਤੇ ਸਕੋਰ 165 ਤਕ ਪਹੁੰਚਾ ਦਿੱਤਾ। ਭਾਰਤ ਵੱਲੋਂ ਪਰਵਿੰਦਰ ਅਵਾਨਾ ਤੇ ਸਟੁਅਰਟ ਬਿੰਨੀ ਨੇ 2-2 ਵਿਕਟਾਂ ਲਈਆਂ। ਇਰਫ਼ਾਨ ਪਠਾਨ, ਅਸ਼ੋਕ ਡਿੰਡਾ ਨੂੰ 1-1 ਵਿਕਟ ਮਿਲੀ।
ਇਹ ਖ਼ਬਰ ਵੀ ਪੜ੍ਹੋ - ਸਰਹੱਦ ਟੱਪ ਪੰਜਾਬ ਆ ਵੜਿਆ ਇਕ ਹੋਰ ਪਾਕਿਸਤਾਨੀ, BSF ਨੇ 2 ਦਿਨਾਂ 'ਚ ਫੜਿਆ ਤੀਜਾ ਘੁਸਪੈਠੀਆ
ਜਵਾਬ ਵਿਚ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਡੀਆ ਮਹਾਰਾਜਾ ਦੀ ਟੀਮ ਨੂੰ ਪਹਿਲੇ ਓਵਰ ਵਿਚ ਹੀ ਸੋਹੇਲ ਤਨਵੀਰ ਨੇ ਝਟਕਾ ਦੇ ਦਿੱਤਾ। ਰਾਬਿਨ ਉਥੱਪਾ ਚੌਥੀ ਹੀ ਗੇਂਦ 'ਤੇ ਰਜ਼ਾਕ ਦੇ ਹੱਥ ਕੈਚ ਆਊਟ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਕਪਤਾਨ ਗੌਤਮ ਗੰਭੀਰ ਤੇ ਮੁਰਲੀ ਵਿਜੇ ਨੇ ਸਾਂਝੇਦਾਰੀ ਕਰ ਸਥਿਤੀ ਸੁਧਾਰੀ ਪਰ ਪਾਕਿ ਗੇਂਦਬਾਜ਼ਾਂ ਦੀ ਕਿਫ਼ਾਇਤੀ ਗੇਂਦਬਾਜ਼ੀ ਨੇ ਆਪਣੀ ਟੀਮ ਨੂੰ ਵਾਪਸੀ ਕਰਵਾਈ। ਕਪਤਨਾ ਗੌਤਮ ਗੰਭੀਰ 52, ਮੁਰਲੀ ਵਿਜੇ 25, ਸੁਰੇਸ਼ ਰੈਣਾ 3, ਮੁਹੰਮਦ ਕੈਫ਼ 22 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਫੈਨਜ਼ ਨੂੰ ਯੁਸੂਫ਼ ਪਠਾਨ ਤੋਂ ਕਾਫ਼ੀ ਉਮੀਦਾਂ ਸਨ ਪਰ ਉਹ ਵੀ 14 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਇਰਫ਼ਾਨ ਪਠਾਨ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਟੀਮ ਨੂੰ ਜਿੱਤ ਨਹੀਂ ਦੁਆ ਪਾਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।