ਅੱਜ ਹੋਵੇਗਾ Asia Cup ਲਈ ਭਾਰਤੀ ਟੀਮ ਦਾ ਐਲਾਨ ! ਗਿੱਲ, ਅਰਸ਼ਦੀਪ, ਪੰਡਯਾ, ਜਾਇਸਵਾਲ ''ਤੇ ਨਜ਼ਰਾਂ
Tuesday, Aug 19, 2025 - 10:17 AM (IST)

ਸਪਰੋਟਸ ਡੈਸਕ- ਭਾਰਤ ਦੀ ਰਾਸ਼ਟਰੀ ਚੋਣ ਕਮੇਟੀ ਸੰਯੁਕਤ ਅਰਬ ਅਮੀਰਾਤ ਵਿਚ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਲਈ ਮੰਗਲਵਾਰ ਨੂੰ ਜਦੋਂ 15 ਮੈਂਬਰੀ ਟੀਮ ਦੀ ਚੋਣ ਕਰੇਗੀ ਤਾਂ ਉਸ ਦੇ ਸਾਹਮਣੇ ਇਕ ਮਜ਼ਬੂਤ ਟੀ-20 ਢਾਂਚੇ ਵਿਚ ਸ਼ੁਭਮਨ ਗਿੱਲ ਵਰਗੇ ਸ਼ਾਨਦਾਰ ਬੱਲੇਬਾਜ਼ ਨੂੰ ਫਿੱਟ ਕਰਨਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਇੰਗਲੈਂਡ ਦੌਰੇ ’ਤੇ ਆਪਣੀ ਕਪਤਾਨੀ ਤੇ ਬੱਲੇਬਾਜ਼ੀ ਨਾਲ ਪ੍ਰਭਾਵਿਤ ਕਰਨ ਵਾਲੇ ਗਿੱਲ ਲਈ 9 ਤੋਂ 28 ਸਤੰਬਰ ਤੱਕ ਹੋਣ ਵਾਲੇ ਮਹਾਦੀਪੀ ਟੂਰਨਾਮੈਂਟ ਵਿਚ ਖੇਡਣ ਵਾਲੀ ਟੀਮ ਵਿਚ ਜਗ੍ਹਾ ਬਣਾਉਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ। ਅਜੀਤ ਅਗਰਕਰ ਤੇ ਉਸਦੇ ਸਹਿਯੋਗੀਆਂ ਲਈ ਇਹ ਸਭ ਤੋਂ ਵੱਡੀ ਪਹੇਲੀ ਹੋਵੇਗੀ ਪਰ ਭਾਰਤੀ ਕ੍ਰਿਕਟ ਇਸ ਸਮੇਂ ਟੀ-20 ਪ੍ਰਤਿਭਾਵਾਂ ਦਾ ਕਾਰਖਾਨਾ ਹੈ, ਜਿਸ ਵਿਚ ਘੱਟ ਤੋਂ ਘੱਟ 30 ਖਿਡਾਰੀ ਰਾਸ਼ਟਰੀ ਟੀਮ ਵਿਚ ਆਉਣ ਲਈ ਤਿਆਰ ਹਨ ਤੇ ਇਕ ਸਥਾਨ ਲਈ ਤਿੰਨ ਤੋਂ ਚਾਰ ਬਦਲ ਉਪਲਬੱਧ ਹਨ।
ਬੱਲੇਬਾਜ਼ੀ ਕ੍ਰਮ ਵਿਚ ਟਾਪ-3 ਸਥਾਨਾਂ ਲਈ ਬਰਾਬਰ ਯੋਗਤਾ ਰੱਖਣ ਵਾਲੇ 6 ਕ੍ਰਿਕਟਰ ਉਪਲੱਬਧ ਹਨ। ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ ਤੇ ਤਿਲਕ ਵਰਮਾ ਨੇ ਪਿਛਲੇ ਸੈਸ਼ਨ ਵਿਚ ਰਾਸ਼ਟਰੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਗਿੱਲ, ਯਸ਼ਸਵੀ ਜਾਇਸਵਾਲ ਤੇ ਸਾਈ ਸੁਦਰਸ਼ਨ (ਆਈ.ਪੀ.ਐੱਲ. ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਲਈ ਓਰੇਂਜ ਕੈਪ ਜੇਤੂ) ਨੂੰ ਵੀ ਘੱਟ ਨਹੀਂ ਮੰਨਿਆ ਜਾ ਸਕਦਾ।
ਗੇਂਦਬਾਜ਼ੀ ਵਿਚ ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਤੇ ਰਵੀ ਬਿਸ਼ਨੋਈ ਵਿਚਾਲੇ ਇਕ ਸਥਾਨ ਲਈ ਸੰਘਰਸ਼ ਹੈ। ਇਨ੍ਹਾਂ ਸਾਰਿਆਂ ਵਿਚਾਲੇ ਸਭ ਤੋਂ ਚਲਾਕ ਖਿਡਾਰੀ ਯੁਜਵੇਂਦਰ ਚਾਹਲ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਪਰ ਚੋਣਕਾਰ ਸਿਰਫ 15 ਖਿਡਾਰੀਆਂ ਦੀ ਹੀ ਚੋਣ ਕਰ ਸਕਦੇ ਹਨ ਤੇ ਟੀ-20 ਟੀਮ ਦੇ ਫੈਸਲੇ ਲੈਣ ਵਾਲੇ ਅਹੁਦਿਆਂ ’ਤੇ ਬੈਠੇ ਲੋਕਾਂ ਦਾ ਦ੍ਰਿਸ਼ਟੀਕੋਣ ਦਿਲਚਸਪ ਹੈ। ਟੀਮ ਮੈਨੇਜਮੈਂਟ ਦੇ ਇਕ ਮਹੱਤਵਪੂਰਨ ਮੈਂਬਰ ਦਾ ਮੰਨਣਾ ਹੈ ਕਿ ਪਿਛਲੇ ਸੈਸ਼ਨ ਵਿਚ ਨਿਯਮਤ ਰੂਪ ਨਾਲ ਆਖਰੀ-11 ਵਿਚ ਸ਼ਾਮਲ ਰਹੇ ਕਿਸੇ ਵੀ ਖਿਡਾਰੀ ਨੂੰ ਕਿਸੇ ਵੱਡੇ ਸਟਾਰ ਨੂੰ ਜਗ੍ਹਾ ਦੇਣ ਲਈ ਟੀਮ ਵਿਚੋਂ ਬਾਹਰ ਕਰਨਾ ਸਹੀ ਨਹੀਂ ਹੋਵੇਗਾ।
ਦੂਜੀ ਵਿਚਾਰਧਾਰਾ ਇਹ ਹੈ ਕਿ ਭਾਰਤੀ ਕ੍ਰਿਕਟ ਸਾਰੇ ਰੂਪਾਂ ਵਿਚ ਖੇਡਣ ਵਾਲੇ ਇਕ ਕਪਤਾਨ ਦੇ ਨਾਲ ਸਹੀ ਦਿਸ਼ਾ ਵਿਚ ਅੱਗੇ ਵਧਦੀ ਹੈ ਜਿਹੜਾ ਉਸ ਦਾ ਸਭ ਤੋਂ ਵੱਡਾ ਮਾਰਕੀਟਿੰਗ ਬ੍ਰਾਂਡ ਵੀ ਬਣ ਜਾਂਦਾ ਹੈ। ਇਸ ਮਾਮਲੇ ਵਿਚ ਗਿੱਲ ਸਾਰੇ ਸ਼ੇਅਰਹੋਲਡਰਾਂ ਲਈ ਇਕ ਸਪੱਸ਼ਟ ਬਦਲ ਹੈ। ਸੂਰਯਕੁਮਾਰ ਯਾਦਵ ਦੀ ਯੋਗ ਅਗਵਾਈ ਵਿਚ ਭਾਰਤੀ ਟੀ-20 ਟੀਮ ਦਾ ਰਿਕਾਰਡ 85 ਫੀਸਦੀ ਹੈ ਤੇ ਉਸ ਨੇ ਆਪਣੇ ਪਿਛਲੇ 20 ਮੈਚਾਂ ਵਿਚੋਂ 17 ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿਚੋਂ ਕਿਸੇ ਵੀ ਮੈਚ ਵਿਚ ਗਿੱਲ ਤੇ ਜਾਇਸਵਾਲ ਸ਼ਾਮਲ ਨਹੀਂ ਸਨ। ਪਿਛਲੇ ਇਕ ਸਾਲ ਵਿਚ ਟੈਸਟ ਪ੍ਰਤੀਬੱਧਤਾਵਾਂ ਵਿਚ ਰੁੱਝੇ ਹੋਣ ਕਾਰਨ ਪਹਿਲਾਂ ਗਿੱਲ ਤੇ ਜਾਇਸਵਾਲ ਟੀ-20 ਕੌਮਾਂਤਰੀ ਮੈਚ ਖੇਡ ਰਹੇ ਸਨ ਤੇ ਉਨ੍ਹਾਂ ਨੇ ਆਈ.ਪੀ.ਐੱਲ. ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ। ਗਿੱਲ ਦਰਅਸਲ ਸੂਰਯਕੁਮਾਰ ਦੇ ਨਾਲ ਉਪ ਕਪਤਾਨ ਸੀ ਪਰ ਉਸ ਨੂੰ ਟੈਸਟ ਮੈਚਾਂ ਦੇ ਕਾਰਨ ਟੀ-20 ਕੌਮਾਂਤਰੀ ਮੈਚਾਂ ਵਿਚੋਂ ਹਟਣਾ ਪਿਆ।
ਦਿੱਲੀ ਕੈਪੀਟਲਸ ਦੇ ਕਪਤਾਨ ਅਕਸ਼ਰ ਪਟੇਲ ਨੂੰ ਉਪ ਕਪਤਾਨ ਬਣਾਇਆ ਗਿਆ ਸੀ। ਚੋਣਕਾਰ ਜੇਕਰ ਗਿੱਲ ਨੂੰ 15 ਖਿਡਾਰੀਆਂ ਵਿਚ ਚੁਣਦੇ ਹਨ ਤਾਂ ਉਸ ਨੂੰ ਫਿਰ ਆਖਰੀ-11 ਵਿਚ ਫਿਰ ਵੀ ਰੱਖਣਾ ਪਵੇਗਾ, ਜਿਸ ਦਾ ਮਤਲਬ ਹੈ ਕਿ ਸੰਜੂ, ਅਭਿਸ਼ੇਕ ਜਾਂ ਤਿਲਕ ਵਿਚੋਂ ਕਿਸੇ ਇਕ ਨੂੰ ਆਪਣੀ ਬੱਲੇਬਾਜ਼ੀ ਸਥਾਨ ਨਾਲ ਸਮਝੌਤਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ‘ਭਾਈ-ਭਾਈ’ ਦੇ ਨਾਅਰੇ ਵਿਚਾਲੇ ਭਾਰਤ ਨੂੰ ਖਾਦਾਂ ਦੀ ਸਪਲਾਈ ਰੋਕ ਰਿਹੈ ਚੀਨ
ਸ਼ੁਭਮਨ ਨੂੰ ਟੀਮ ਵਿਚ ਸ਼ਾਮਲ ਕਰਨ ਦਾ ਮਤਲਬ ਰਿੰਕੂ ਸਿੰਘ ਨੂੰ ਬਾਹਰ ਕਰਨਾ ਵੀ ਹੋ ਸਕਦਾ ਹੈ। ਇਸ ਵੱਡੇ ਹਿਟਰ ਨੇ ਮੁੱਖ ਕੋਚ ਗੌਤਮ ਗੰਭੀਰ ਦੇ ਦੌਰ ਵਿਚ ਕੋਲਕਾਤਾ ਨਾਈਟ ਰਾਈਡਰਜ਼ ਜਾਂ ਭਾਰਤ ਲਈ ਕੁਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਹੈ। ਜੇਕਰ ਤੇਜ਼ ਗੇਂਦਬਾਜ਼ੀ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਹਾਰਦਿਕ ਪੰਡਯਾ ਇਕ ਬਿਹਤਰੀਨ ਫ੍ਰੰਟਲਾਈਨ ਤੇਜ਼ ਗੇਂਦਬਾਜ਼ ਹੈ ਅਤੇ ਜਸਪ੍ਰੀਤ ਬੁਮਰਾਹ ਤੇ ਅਰਸ਼ਦੀਪ ਸਿੰਘ ਦਾ ਟੀਮ ਵਿਚ ਹੋਣਾ ਸੁਭਾਵਿਕ ਹੈ, ਅਜਿਹੇ ਵਿਚ ਰਿਜ਼ਰਵ ਤੇਜ਼ ਗੇਂਦਬਾਜ਼ ਦੇ ਸਥਾਨ ਲਈ ਤਿੰਨ ਬਦਲ ਹਨ। ਇਸ ਸਥਾਨ ਲਈ ਹਰਸ਼ਿਤ ਰਾਣਾ ਪਸੰਦੀਦਾ ਦਿਸ ਰਿਹਾ ਹੈ ਕਿਉਂਕਿ ਪ੍ਰਸਿੱਧ ਕ੍ਰਿਸ਼ਣਾ ਤੇ ਮੁਹੰਮਦ ਸਿਰਾਜ ਦੋਵਾਂ ਨੂੰ ਲਾਲ ਗੇਂਦ ਦਾ ਮਾਹਿਰ ਮੰਨਿਆ ਜਾ ਰਿਹਾ ਹੈ।
ਵੈਸਟਇੰਡੀਜ਼ ਵਿਰੁੱਧ ਘਰੇਲੂ ਲੜੀ 2 ਅਕਤੂਬਰ ਤੋਂ ਸ਼ੁਰੂ ਹੋਵੇਗੀ, ਇਸ ਲਈ ਸਮਝਿਆ ਜਾ ਰਿਹਾ ਹੈ ਕਿ ਉਮੀਦਾਂ ਅਨੁਸਾਰ ਕਮਜ਼ੋਰ ਮਹਿਮਾਨ ਟੀਮ ਵਿਰੁੱਧ ਬੁਮਰਾਹ ਦੀ ਲੋੜ ਨਹੀਂ ਪਵੇਗੀ ਕਿਉਂਕਿ ਪ੍ਰਸਿੱਧ ਕ੍ਰਿਸ਼ਣਾ ਤੇ ਸਿਰਾਜ ਤਰੋਤਾਜ਼ਾ ਤੇ ਖੇਡਣ ਲਈ ਤਿਆਰ ਹੋਣਗੇ। ਸਪਿਨ ਵਿਭਾਗ ਵਿਚ ਅਕਸ਼ਰ ਪਟੇਲ, ਵਰੁਣ ਚੱਕਰਵਰਤੀ ਤੇ ਕੁਲਦੀਪ ਯਾਦਵ ਪਹਿਲੀਆਂ 3 ਪਸੰਦ ਹਨ। ਗੌਤਮ ਗੰਭੀਰ ਆਲਰਾਊਂਡਰ ਨੂੰ ਪਹਿਲ ਦਿੰਦਾ ਹੈ ਤੇ ਅਜਿਹੇ ਵਿਚ ਵਾਸ਼ਿੰਗਟਨ ਸੁੰਦਰ ਨੂੰ ਟੀਮ ਵਿਚ ਜਗ੍ਹਾ ਮਿਲ ਸਕਦੀ ਹੈ। ਨਿਤੀਸ਼ ਕੁਮਾਰ ਰੈੱਡੀ ਤੇ ਰਿਸ਼ਭ ਪੰਤ ਅਜੇ ਸੱਟਾਂ ਤੋਂ ਉੱਭਰ ਨਹੀਂ ਸਕੇ ਹਨ। ਅਜਿਹੇ ਵਿਚ ਸ਼ਿਭਮ ਦੂਬੇ ਦੀ ਟੀਮ ਵਿਚ ਚੋਣ ਨਿਸ਼ਚਿਤ ਹੈ। ਦੂਜੇ ਪਾਸੇ ਵਿਕਟਕੀਪਰ ਦੇ ਸਥਾਨ ਲਈ ਜਿਤੇਸ਼ ਸ਼ਰਮਾ ਤੇ ਧਰੁਵ ਜੁਰੈਲ ਵਿਚਾਲੇ ਮੁਕਾਬਲਾ ਹੈ। ਜਿਤੇਸ਼ ਸ਼ਰਮਾ ਫਿਨਿਸ਼ਰ ਦੀ ਭੂਮਿਕਾ ਵੀ ਚੰਗੀ ਤਰ੍ਹਾਂ ਨਾਲ ਨਿਭਾਅ ਸਕਦਾ ਹੈ।
41 ਸਾਲਾਂ ’ਚ 16 ਵਾਰ ਖੇਡਿਆ ਗਿਆ ਏਸ਼ੀਆ ਕੱਪ, 18 ਵਾਰ ਹੋਈ ਭਾਰਤ-ਪਾਕਿਸਤਾਨ ਦੀ ਟੱਕਰ
ਏਸ਼ੀਆ ਕੱਪ-2025 ਦਾ ਆਗਾਜ਼ 9 ਸਤੰਬਰ ਤੋਂ ਯੂ.ਏ.ਈ. ਵਿਚ ਹੋ ਰਿਹਾ ਹੈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲਾ ਮੁਕਾਬਲਾ, ਜਿਹੜਾ 9 ਸਤੰਬਰ ਨੂੰ ਖੇਡਿਆ ਜਾਵੇਗਾ, ਸਾਰਿਆਂ ਦੀਆਂ ਨਜ਼ਰਾਂ ਹੁਣ ਤੋਂ ਹੀ ਬਣੀਆਂ ਹੋਈਆਂ ਹਨ। ਅਜਿਹੇ ਵਿਚ ਇਕ ਰੋਮਾਂਚਕ ਤੱਥ ਇਹ ਹੈ ਕਿ ਦੋਵਾਂ ਟੀਮੇਂ ਕਦੇ ਵੀ ਇਸ ਖੇਤਰੀ ਟੂਰਨਾਮੈਂਟ ਦੇ ਫਾਈਨਲ ਵਿਚ ਆਹਮੋ-ਸਾਹਮਣੇ ਨਹੀਂ ਹੋਈਆਂ ਹਨ।
ਏਸ਼ੀਆ ਕੱਪ ਦੀ ਸ਼ੁਰੂਆਤ 1984 ਵਿਚ ਹੋਈ ਸੀ। ਇਨ੍ਹਾਂ 41 ਸਾਲਾਂ ਵਿਚ 16 ਵਾਰ ਏਸ਼ੀਆ ਕੱਪ ਦਾ ਆਯੋਜਨ ਹੋਇਆ ਹੈ। ਟੀਮ ਇੰਡੀਆ 11 ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਹੈ ਪਰ ਇੱਥੇ ਉਸਦੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨਾਲ ਮੁਕਾਬਲਾ ਨਹੀਂ ਹੋਇਆ ਹੈ। ਭਾਰਤ ਨੇ 11 ਵਿਚੋਂ 9 ਵਾਰ ਸ਼੍ਰੀਲੰਕਾ ਵਿਰੁੱਧ ਏਸ਼ੀਆ ਕੱਪ ਦਾ ਫਾਈਨਲ ਮੈਚ ਖੇਡਿਆ ਹੈ ਜਦਕਿ 2 ਵਾਰ ਟੀਮ ਇੰਡੀਆ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਇਆ ਹੈ। ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਉਹ 5 ਵਾਰ ਫਾਈਨਲ ਖੇਡਿਆ, ਜਿੱਥੇ ਉਸ ਨੇ 4 ਵਾਰ ਸ਼੍ਰੀਲੰਕਾ ਤੇ ਇਕ ਵਾਰ ਬੰਗਲਾਦੇਸ਼ ਦਾ ਸਾਹਮਣਾ ਕੀਤਾ ਹੈ।
ਏਸ਼ੀਆ ਕੱਪ ਵਿਚ ਵਨ ਡੇ ਤੇ ਟੀ-20 ਰੂਪ ਦੋਵਾਂ ਨੂੰ ਮਿਲਾ ਕੇ 18 ਵਾਰ ਭਾਰਤ ਤੇ ਪਾਕਿਸਤਾਨ ਦੀ ਟੱਕਰ ਹੋ ਚੁੱਕੀ ਹੈ। ਇਸ ਦੌਰਾਨ 10 ਮੈਚਾਂ ਵਿਚੋਂ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਜਦਕਿ 6 ਮੈਚਾਂ ਵਿਚ ਪਾਕਿਸਤਾਨ ਨੇ ਜਿੱਤ ਹਾਸਲ ਕੀਤੀ ਹੈ ਤੇ ਉੱਥੇ ਹੀ, 2 ਮੁਕਾਬਲੇ ਡਰਾਅ ਰਹੇ ਸਨ। ਭਾਰਤ ਨੇ ਏਸ਼ੀਆ ਕੱਪ-2023 ਵਿਚ ਆਖਰੀ ਵਾਰ ਪਾਕਿਸਤਾਨ ਨੂੰ ਹਰਾਇਆ ਸੀ ਤਦ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਉਸ ਵਿਰੁੱਧ 228 ਦੌੜਾਂ ਦੀ ਇਤਿਹਾਸਕ ਜਿੱਤ ਦਰਜ ਕੀਤੀ ਸੀ। ਇਹ ਏਸ਼ੀਆ ਕੱਪ ਦੇ ਇਤਿਹਾਸ ਵਿਚ ਦੌੜਾਂ ਦੇ ਮਾਮਲੇ ਵਿਚ ਸਭ ਤੋਂ ਵੱਡੀ ਜਿੱਤ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e