Asia cup 2022 : ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

Tuesday, Sep 06, 2022 - 11:19 PM (IST)

ਸਪੋਰਟਸ ਡੈਸਕ-ਸਾਬਕਾ ਚੈਂਪੀਅਨ ਭਾਰਤ ਨੂੰ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੇ ਸੁਪਰ-4 ਗੇੜ ਦੇ ਬੇਹੱਦ ਮਹੱਤਵਪੂਰਨ ਮੈਚ ਵਿਚ ਸ਼੍ਰੀਲੰਕਾ ਨੇ ਮੰਗਲਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਬਾਹਰ ਹੋਣ ਦੇ ਕੰਢੇ ’ਤੇ ਧੱਕ ਦਿੱਤਾ। ਹੁਣ ਭਾਰਤੀ ਟੀਮ ਨੂੰ ਫਾਈਨਲ ਵਿਚ ਪਹੁੰਚਣ ਲਈ ਦੂਜੀਆਂਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਰਹਿਣਾ ਪਵੇਗਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ 41 ਗੇਂਦਾਂ ਵਿਚ 72 ਦੌੜਾਂ ਦੀ ਪਾਰੀ ਬੇਕਾਰ ਹੋ ਗਈ ਤੇ ਸ਼੍ਰੀਲੰਕਾ ਨੇ 174 ਦੌੜਾਂ ਦਾ ਟੀਚਾ 1 ਗੇਂਦ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਸ਼੍ਰੀਲੰਕਾ ਨੂੰ ਆਖਰੀ ਦੋ ਓਵਰਾਂ ਵਿਚ 21 ਦੌੜਾਂ ਦੀ ਲੋੜ ਸੀ ਪਰ ਭੁਵਨੇਸ਼ਵਰ ਕੁਮਾਰ ਨੇ 19ਵੇਂ ਓਵਰ ਵਿਚ 14 ਦੌੜਾਂ ਦੇ ਕੇ ਮੈਚ ਭਾਰਤ ਦੇ ਹੱਥੋਂ ਬਾਹਰ ਹੀ ਕਰ ਦਿੱਤਾ। ਪਾਕਿਸਤਾਨ ਜੇਕਰ ਬੁੱਧਵਾਰ ਨੂੰ ਅਫਗਾਨਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਭਾਰਤ ਟੂਰਨਾਮੈਂਟ ਵਿਚੋਂ ਬਾਹਰ ਹੋ ਜਾਵੇਗਾ।
ਸ਼੍ਰੀਲੰਕਾ ਨੂੰ ਸਲਾਮੀ ਬੱਲੇਬਾਜ਼ ਕੁਸ਼ਲ ਮੇਂਡਿਸ (57) ਤੇ ਪਾਥੁਮ ਨਿਸਾਂਕਾ (52) ਨੇ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਤੇਜ਼ੀ ਨਾਲ 97 ਦੌੜਾਂ ਜੋੜੀਆਂ। ਸ਼੍ਰੀਲੰਕਾ ਦੀਆਂ 50 ਦੌੜਾਂ 6ਵੇਂ ਓਵਰ ਵਿਚ ਹੀ ਬਣ ਗਈਆਂ ਸਨ, ਜਿਸ ਨਾਲ ਭਾਰਤੀ ਗੇਂਦਬਾਜ਼ਾਂ ’ਤੇ ਦਬਾਅ ਬਣ ਗਿਆ। ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਹਾਲਾਂਕਿ 12ਵੇਂ ਓਵਚ ਵਿਚ 2 ਵਿਕਟਾਂ ਲੈ ਕੇ ਸ਼੍ਰੀਲੰਕਾ ਦੀ ਰਨ ਰੇਟ ’ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ।ਆਰ. ਅਸ਼ਵਿਨ ਨੇ ਧਨੁਸ਼ਕਾ ਗੁਣਾਥਿਲਕਾ (1) ਨੂੰ ਪੈਵੇਲੀਅਨ ਭੇਜਿਆ। ਸ਼੍ਰੀਲੰਕਾ ਦਾ ਸਕੋਰ 14ਵੇਂ ਓਵਰ ਵਿਚ 3 ਵਿਕਟਾਂ ’ਤੇ 110 ਦੌੜਾਂ ਸੀ। ਅਗਲੇ ਓਵਰ ਵਿਚ ਚਾਹਲ ਨੇ ਮੇਂਡਿਸ ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ। ਇਸ ਤੋਂ ਬਾਅਦ ਹਾਲਾਂਕਿ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ (ਅਜੇਤੂ 33) ਤੇ ਭਾਨੁਕਾ ਰਾਜਪਕਸ਼ੇ (ਅਜੇਤੂ 25) ਨੇ ਪੰਜਵੀਂ ਵਿਕਟ ਲਈ 64 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੈਚ ਜਿਤਾਇਆ।

 ਇਹ ਵੀ ਪੜ੍ਹੋ :ਪੁਤਿਨ, ਚੀਨ ਤੇ ਹੋਰ ਦੇਸ਼ਾਂ ਨਾਲ ਚੱਲ ਰਹੇ ਸਾਂਝੇ ਫੌਜੀ ਅਭਿਆਸ 'ਚ ਹੋਏ ਸ਼ਾਮਲ

ਇਸ ਤੋਂ ਪਹਿਲਾਂ ਭਾਰਤ ਵਲੋਂ ਸ਼ੁਰੂਆਤੀ ਦੋ ਵਿਕਟਾਂ ਜਲਦ ਗਵਾਉਣ ਤੋਂ ਬਾਅਦ ਰੋਹਿਤ ਨੇ ਕਪਤਾਨੀ ਪਾਰੀ ਖੇਡੀ ਤੇ 5 ਚੌਕੇ ਤੇ 4 ਛੱਕੇ ਲਾਏ। ਸੂਰਯਕੁਮਾਰ ਯਾਦਵ ਨੇ 29 ਗੇਂਦਾਂ ਵਿਚ 34 ਦੌੜਾਂ ਬਣਾ ਕੇ ਉਸਦਾ ਬਾਖੂਬੀ ਸਾਥ ਦਿੱਤਾ। ਦੋਵਾਂ ਨੇ ਤੀਜੀ ਵਿਕਟ ਲਈ 97 ਦੌੜਾਂ ਜੋੜੀਆਂ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਹਾਲਾਂਕਿ ਭਾਰਤੀ ਬੱਲੇਬਾਜ਼ 63 ਦੌੜਾਂ ਹੀ ਬਣਾ ਸਕੇ। ਇਕ ਸਮੇਂ ਭਾਰਤ ਦਾ ਸਕੋਰ 13ਵੇਂ ਓਵਰ ਵਿਚ 3 ਵਿਕਟਾਂ ’ਤੇ 110 ਦੌੜਾਂ ਸੀ ਜਦੋਂ ਰੋਹਿਤ ਆਊਟ ਹੋਇਆ।ਸ਼੍ਰੀਲੰਕਾ ਦੀ ਸ਼ੁਰੂਆਤ ਬਹੁਤ ਹੀ ਚੰਗੀ ਰਹੀ, ਜਿਸ ਨੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ (6) ਤੇ ਤੀਜੇ ਨੰਬਰ ’ਤੇ ਉਤਰੇ ਵਿਰਾਟ ਕੋਹਲੀ (0) ਨੂੰ ਸਸਤੇ ਵਿਚ ਆਊਟ ਕੀਤਾ। ਭਾਰਤ ਦਾ ਸਕੋਰ ਤੀਜੇ ਓਵਰ ਵਿਚ 2 ਵਿਕਟਾਂ ’ਤੇ 13 ਦੌੜਾਂ ਸੀ। ਦੂਜੇ ਓਵਰ ਵਿਚ ਐਕਸਟ੍ਰਾ ਕਵਰ ’ਤੇ ਚੌਕਾ ਲਾਉਣ ਤੋਂ ਬਾਅਦ ਰਾਹੁਲ ਆਫ ਸਪਿਨਰ ਮਹੀਸ਼ ਤੀਕਸ਼ਣਾ ਦੀ ਗੇਂਦ ’ਤੇ ਐੱਲ. ਬੀ. ਡਬਲਯੂ. ਹੋ ਗਿਆ। ਰਾਹੁਲ ਨੇ ਰੀਵਿਊ ਵੀ ਲਿਆ ਪਰ ਫੈਸਲਾ ਉਸਦੇ ਪੱਖ ਵਿਚ ਨਹੀਂ ਰਿਹਾ। ਉਸ ਤੋਂ ਬਾਅਦ ਆਇਆ ਸਟਾਰ ਬੱਲੇਬਾਜ਼ ਕੋਹਲੀ 4 ਗੇਂਦਾਂ ਵਿਚ ਖਾਤਾ ਵੀ ਨਹੀਂ ਖੋਲ੍ਹ ਸਕਿਆ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਧੁਸ਼ੰਕਾ ਨੇ ਉਸ ਨੂੰ ਪੈਵੇਲੀਅਨ ਭੇਜ ਦਿੱਤਾ।

 ਇਹ ਵੀ ਪੜ੍ਹੋ :ਅਮਰੀਕਾ : ਫਲੋਰੀਡਾ ਦੇ ਕਲੱਬ 'ਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ

ਰੋਹਿਤ ਨੇ ਦੂਜੇ ਪਾਸੇ ਤੋਂ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ ਤੇ ਚਮਿਕਾ ਕਰੁਣਾਰਤਨੇ ਨੂੰ ਮਿਡਆਨ ’ਤੇ ਚੌਕਾ ਲਾਇਆ। ਤੇਜ਼ ਗੇਂਦਬਾਜ਼ ਅਸਿਥ ਫਰਨਾਂਡੋ ਨੂੰ ਰੋਹਿਤ ਨੇ ਇਕ ਛੱਕਾ ਤੇ ਚੌਕਾ ਲਾ ਕੇ ਪੰਜਵੇਂ ਓਵਰ ਵਿਚ 14 ਦੌੜਾਂ ਬਣਾਈਆਂ। ਇਸ ਦੇ ਅਗਲੇ ਓਵਰ ਵਿਚ ਤੀਕਸ਼ਣਾ ਨੂੰ ਚੌਕਾ ਲਾ ਕੇ ਪਾਵਰਪਲੇਅ ਦੇ ਛੇ ਓਵਰਾਂ ਤੋਂ ਬਾਅਦ ਸਕੋਰ 44 ਦੌੜਾਂ ਤਕ ਲੈ ਗਿਆ। ਲੈੱਗ ਸਪਿਨਰ ਵਾਨਿੰਦੂ ਹਸਰੰਗਾ ਤੇ ਕਰੁਣਾਰਤਨੇ ਨੇ ਕੁਝ ਕਿਫਾਇਤੀ ਓਵਰ ਕੀਤੇ, ਜਿਸ ਨਾਲ ਰੋਹਿਤ ਤੇ ਸੂਰਯਕੁਮਾਰ ਦੌੜਾਂ ਨਹੀਂ ਬਣਾ ਪਾ ਰਹੇ ਸਨ।ਇਸ ਵਿਚਾਲੇ ਰੋਹਿਤ ਨੂੰ 40 ਦੇ ਨਿੱਜੀ ਸਕੋਰ ’ਤੇ ਹਸਰੰਗਾ ਦੀ ਗੇਂਦ ’ਤੇ ਐਕਟ੍ਰਾ ਕਵਰ ’ਤੇ ਜੀਵਨਦਾਨ ਮਿਲਿਆ। ਸੂਰਯਕੁਮਾਰ ਨੇ 12 ਗੇਂਦਾਂ ਖੇਡਣ ਤੋਂ ਬਾਅਦ ਪਹਿਲਾ ਚੌਕਾ ਲਾਇਆ। ਉਸ ਨੇ ਮਧੁਸ਼ੰਕਾ ਨੂੰ ਵੀ ਛੱਕਾ ਲਾਇਆ ਜਦਕਿ ਰੋਹਿਤ ਨੇ ਹਸਰੰਗਾ ਨੂੰ ਛੱਕਾ ਲਾਉਣ ਤੋਂ ਬਾਅਦ ਇਕ ਚੌਕਾ ਤੇ ਇਕ ਛੱਕਾ ਫਿਰ ਲਾਇਆ। ਕਰੁਣਾਰਤਨੇ ਨੇ ਅਗਲੇ ਓਵਰ ਵਿਚ ਰੋਹਿਤ ਨੂੰ ਆਊਟ ਕੀਤਾ। ਹਾਰਦਿਕ ਪੰਡਯਾ ਤੇ ਰਿਸ਼ਭ ਪੰਤ 17-17 ਦੌੜਾਂ ਬਣਾ ਕੇ ਆਊਟ ਹੋ ਗਏ। ਦੀਪਕ ਹੁੱਡਾ ਵੀ 3 ਹੀ ਦੌੜਾਂ ਬਣਾ ਸਕਿਆ।

ਦੋਵਾਂ ਟੀਮਾਂ ਦੀ ਪਲੇਇੰਗ 11

ਭਾਰਤ:
ਰੋਹਿਤ ਸ਼ਰਮਾ (ਕਪਤਾਨ), ਕੇ.ਐੱਲ. ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਦੀਪਕ ਹੁੱਡਾ, ਹਾਰਦਿਕ ਪੰਡਯਾ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ,ਯੁਜ਼ਵੇਂਦਰ ਚਾਹਲ,ਅਰਸ਼ਦੀਪ ਸਿੰਘ।

ਸ਼੍ਰੀਲੰਕਾ:
ਪਥੁਮ ਨਿਸਾਂਕਾ, ਕੁਸਲ ਮੈਂਡਿਸ, (ਵਿਕਟਕੀਪਰ), ਚਰਿਤ ਅਸਲੰਕਾ, ਧਨੁਸ਼ਕਾ ਗੁਣਾਤਿਲਕਾ, ਭਾਨੁਕਾ ਰਾਜਪਕਸ਼ੇ, ਦਾਸੁਨ ਸ਼ਨਾਕਾ (ਕਪਤਾਨ),ਵਨਿੰਦੂ ਹਸਾਰੰਗਾ,ਚਮਿਕਾ ਕਰੁਣਾਰਤਨੇ, ਮਹੇਸ਼ ਥੀਸ਼ਾਨਾ, ਅਸਿਥਾ ਫਰਨਾਂਡੋ, ਦਿਲਸ਼ਾਨ ਮਦੁੰਸ਼ੰਕਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News