Asia Cup 2022 : ਭਾਰਤ ਤੇ ਪਾਕਿ ਦਰਮਿਆਨ ਮੁੜ ਹੋਵੇਗਾ ਕ੍ਰਿਕਟ ਮੁਕਾਬਲਾ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਮੈਚ
Saturday, Sep 03, 2022 - 04:55 PM (IST)
ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਜਾਣ ਵਾਲੇ ਕ੍ਰਿਕਟ ਮੈਚਾਂ ਦੀ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰਦੇ ਹਨ ਤੇ ਮੈਚ ਦੌਰਾਨ ਪ੍ਰਸ਼ੰਸਕਾਂ 'ਚ ਜੋਸ਼ ਤੇ ਉਤਸ਼ਾਹ ਸਿਖਰਾਂ 'ਤੇ ਹੁੰਦਾ ਹੈ ਕਿਉਂਕਿ ਦੋਵੇਂ ਟੀਮਾਂ ਪਿਛਲੇ ਕਾਫੀ ਸਮੇਂ ਤੋਂ ਦੋ ਪੱਖੀ ਸੀਰੀਜ਼ 'ਚ ਨਹੀਂ ਖੇਡਦੀਆਂ। ਉਹ ਸਿਰਫ਼ ਆਈ. ਸੀ. ਸੀ. ਦੇ ਬਹੁ ਦੇਸ਼ੀ ਕ੍ਰਿਕਟ ਟੂਰਨਾਮੈਂਟ 'ਚ ਹੀ ਖੇਡਦੀਆਂ ਹਨ ਤੇ ਹੁਣ ਕ੍ਰਿਕਟ ਪ੍ਰਸ਼ੰਸਕ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਮਹਾਮੁਕਾਬਲੇ ਨੂੰ ਦੇਖਣ ਲਈ ਮੁੜ ਤੋਂ ਤਿਆਰ ਹਨ।
ਏਸ਼ੀਆ ਕੱਪ 2022 ਦੇ ਸੁਪਰ-4 ਦੇ ਪੜਾਅ 'ਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਇਕ ਹੋਰ ਮਹਾਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਏਸ਼ੀਆ ਕੱਪ 2022 ਦੇ ਗਰੁੱਪ ਰਾਉਂਡ ਦੇ ਮੈਚ ਖਤਮ ਹੋ ਗਏ ਹਨ। ਪਾਕਿਸਤਾਨ ਨੇ ਫਾਈਨਲ ਮੈਚ 'ਚ ਹਾਂਗਕਾਂਗ 'ਤੇ 155 ਦੌੜਾਂ ਦੀ ਵੱਡੀ ਜਿੱਤ ਦਰਜ ਕਰਕੇ ਸੁਪਰ-4 'ਚ ਜਗ੍ਹਾ ਬਣਾ ਲਈ ਹੈ। ਇਸ ਤੋਂ ਇਲਾਵਾ ਭਾਰਤ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਪਹਿਲਾਂ ਹੀ ਟੀ-20 ਟੂਰਨਾਮੈਂਟ ਦੇ ਸੁਪਰ-4 'ਚ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ : ਰਵਿੰਦਰ ਜਡੇਜਾ ਸੱਟ ਕਾਰਨ ਏਸ਼ੀਆ ਕੱਪ 2022 ਤੋਂ ਬਾਹਰ, ਇਸ ਪਲੇਅਰ ਨੂੰ ਮਿਲਿਆ ਮੌਕਾ
ਜ਼ਿਕਰਯੋਗ ਹੈ ਕਿ ਅੱਜ ਤੋਂ ਸ਼ੁਰੂ ਹੋਏ ਸੁਪਰ-4 ਮੈਚ 'ਚ ਸ਼੍ਰੀਲੰਕਾ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ। ਅਫਗਾਨਿਸਤਾਨ ਨੇ ਗਰੁੱਪ ਰਾਉਂਡ ਦੇ ਦੋਵੇਂ ਮੈਚ ਜਿੱਤੇ। ਇਸ ਦੌਰਾਨ ਉਸ ਨੇ ਸ਼੍ਰੀਲੰਕਾ 'ਤੇ 8 ਵਿਕਟਾਂ ਨਾਲ ਵੱਡੀ ਜਿੱਤ ਵੀ ਦਰਜ ਕੀਤੀ। ਇਸਦੇ ਨਾਲ ਹੀ ਗਰੁੱਪ ਰਾਊਂਡ 'ਚ ਭਾਰਤ ਨੇ ਪਾਕਿਸਤਾਨ 'ਤੇ ਪੰਜ ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਹੁਣ ਟੀਮ ਇੰਡੀਆ ਸੁਪਰ-4 ਦਾ ਪਹਿਲਾ ਮੈਚ 4 ਸਤੰਬਰ ਨੂੰ ਪਾਕਿਸਤਾਨ ਖਿਲਾਫ ਖੇਡੇਗੀ। ਦੂਜੇ ਪਾਸੇ ਭਾਰਤ ਨੂੰ 6 ਸਤੰਬਰ ਨੂੰ ਸ਼੍ਰੀਲੰਕਾ ਅਤੇ 8 ਸਤੰਬਰ ਨੂੰ ਅਫਗਾਨਿਸਤਾਨ ਨਾਲ ਭਿੜਨਾ ਹੈ। ਭਾਵ ਸੁਪਰ-4 'ਚ ਭਾਰਤ ਨੂੰ 5 ਦਿਨਾਂ 'ਚ 3 ਮੈਚ ਖੇਡਣੇ ਹਨ।
ਸੁਪਰ-4 ਦੇ ਹੋਰ ਮੈਚਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਅਤੇ ਅਫਗਾਨਿਸਤਾਨ 7 ਸਤੰਬਰ ਨੂੰ ਆਹਮੋ-ਸਾਹਮਣੇ ਹੋਣਗੇ ਜਦਕਿ 9 ਸਤੰਬਰ ਨੂੰ ਪਾਕਿਸਤਾਨ ਅਤੇ ਸ਼੍ਰੀਲੰਕਾ ਆਹਮੋ-ਸਾਹਮਣੇ ਹੋਣਗੇ। ਸੁਪਰ-4 ਦੀਆਂ ਸਿਖਰਲੀਆਂ 2 ਟੀਮਾਂ ਵਿਚਾਲੇ ਫਾਈਨਲ ਮੁਕਾਬਲਾ 11 ਸਤੰਬਰ ਨੂੰ ਦੁਬਈ 'ਚ ਹੋਣਾ ਹੈ। ਭਾਰਤ ਨੇ ਸਭ ਤੋਂ ਵੱਧ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।