ਏਸ਼ੀਆ ਕੱਪ 2018 : ਆਖਰ ਕਿਉਂ ਕਿਹਾ ਵਸੀਮ ਅਕਰਮ ਨੇ ਟੀਮ ਇੰਡੀਆ ਨੂੰ ''ਕਾਗਜ਼ੀ ਸ਼ੇਰ''

09/18/2018 2:13:37 PM

ਨਵੀਂ ਦਿੱਲੀ— ਏਸ਼ੀਆ ਕੱਪ 'ਚ ਬੁੱਧਵਾਰ ਨੂੰ ਹੋਣ ਵਾਲੇ ਭਾਰਤ ਪਾਕਿਸਤਾਨ ਦੇ ਮਹਾਮੁਕਾਬਲੇ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਵਸੀਮ ਅਕਰਮ ਨੇ ਟੀਮ ਇੰਡੀਆ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਵਸੀਮ ਅਕਰਮ ਨੇ ਏਸ਼ੀਆ ਕੱਪ 'ਚ ਵਿਰਾਟ ਕੋਹਲੀ ਦੀ ਟੀਮ ਇੰਡੀਆ 'ਚ ਗੈਰ ਮੌਜੂਦਗੀ ਨੂੰ ਲੈ ਕੇ ਇਸ਼ਾਰਿਆਂ-ਇਸ਼ਾਰਿਆਂ 'ਚ ਤੰਜ ਕਸਿਆ ਹੈ ਕਿ ਕੋਹਲੀ ਦੇ ਬਿਨਾ ਤਾਂ ਟੀਮ ਇੰਡੀਆ ਕਾਗਜ਼ੀ ਸ਼ੇਰ ਦੀ ਤਰ੍ਹਾਂ ਹੈ।

ਪਾਕਿਸਤਾਨ ਦੇ ਇਸ ਮਸ਼ਹੂਰ ਆਲਰਾਊਂਡਰ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ, '' ਕਾਗਜ਼ 'ਤੇ ਟੀਮ ਇੰਡੀਆ ਭਾਵੇਂ ਹੀ ਏਸ਼ੀਆ ਕੱਪ ਜਿੱਤਣ ਦੀ ਫੇਵਰੇਟ ਟੀਮ ਨਜ਼ਰ ਆ ਰਹੀ ਹੋਵੇ ਪਰ ਵਿਰਾਟ ਕੋਹਲੀ ਇਸ ਟੀਮ 'ਚ ਨਹੀਂ ਹੈ। ਯਾਦ ਕਰੋ ਜਦੋਂ ਸਚਿਨ ਤੇਂਦੁਲਕਰ ਕਿਸੇ ਵਜ੍ਹਾ ਕਰਕੇ ਪਾਕਿਸਤਾਨ ਦੇ ਖਿਲਾਫ ਮੈਚ ਨਹੀਂ ਖੇਡਦੇ ਸਨ ਤਾਂ ਬਤੌਰ ਗੇਂਦਬਾਜ਼ ਮੇਰਾ ਹੌਸਲਾ ਆਸਮਾਨ 'ਚ ਪਹੁੰਚ ਜਾਂਦਾ ਸੀ। ਭਾਰਤੀ ਟੀਮ ਹਮੇਸ਼ਾ ਤੋਂ ਹੀ ਇਕ ਬੱਲੇਬਾਜ਼ 'ਤੇ ਨਿਰਭਰ ਰਹਿੰਦੀ ਆਈ ਹੈ ਭਾਵੇਂ ਉਹ ਗਾਵਸਕਰ ਹੋਣ, ਅਜ਼ਹਰ ਹੋਣ ਜਾਂ ਸਚਿਨ। ਹਾਲਾਂਕਿ ਭਾਰਤ ਦਾ ਬੈਟਿੰਗ ਆਰਡਰ ਕਾਫੀ ਮਜ਼ਬੂਤ ਹੈ ਪਰ ਕੋਹਲੀ ਦੀ ਗੈਰਮੌਜੂਦਗੀ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਮਨੋਵਿਗਿਆਨਕ ਲਾਭ ਦੇਵੇਗੀ।''

Image result for wasim akram
ਵਿਰਾਟ ਕੋਹਲੀ ਨੇ ਹਾਲ ਹੀ 'ਚ ਇੰਗਲੈਂਡ ਸੀਰੀਜ਼ ਦੇ ਦੌਰਾਨ ਜ਼ੋਰਦਾਰ ਬੱਲੇਬਾਜ਼ੀ ਕਰਦੇ ਹੋਏ 593 ਦੌੜਾਂ ਬਣਾਈਆਂ ਅਤੇ ਬੀ.ਸੀ.ਸੀ.ਆਈ. ਨੇ ਏਸ਼ੀਆ ਕੱਪ ਲਈ ਉਨ੍ਹਾਂ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ ਅਤੇ ਕੋਹਲੀ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਗਈ ਹੈ।


Related News