ਅਸ਼ਵਿਨ ਟੈਸਟ ਗੇਂਦਬਾਜ਼ਾਂ ’ਚ ਨੰਬਰ-1 ’ਤੇ ਬਰਕਰਾਰ, ਲਾਬੂਸ਼ੇਨ ਨੂੰ ਪਛਾੜ ਕੇ ਨੰਬਰ-1 ਬੱਲੇਬਾਜ਼ ਬਣਿਆ ਰੂਟ
Thursday, Jun 22, 2023 - 10:29 AM (IST)
ਦੁਬਈ (ਭਾਸ਼ਾ)– ਭਾਰਤ ਦੇ ਚੋਟੀ ਦੇ ਆਫ ਸਪਿਨਰ ਆਰ. ਅਸ਼ਵਿਨ ਨੇ ਬੁੱਧਵਾਰ ਨੂੰ ਜਾਰੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੈਸਟ ਰੈਂਕਿੰਗ ’ਚ ਗੇਂਦਬਾਜ਼ਾਂ ਦੀ ਸੂਚੀ ’ਚ ਆਪਣਾ ਸਥਾਨ ਬਰਕਰਾਰ ਰੱਖਿਆ, ਜਦਕਿ ਇੰਗਲੈਂਡ ਦਾ ਜੋ ਰੂਟ ਆਸਟਰੇਲੀਆ ਦੇ ਮਾਰਨਸ ਲਾਬੂਸ਼ੇਨ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਇਕ ਬੱਲੇਬਾਜ਼ ਬਣ ਗਿਆ ਹੈ। ਆਸਟਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤ ਦੀ ਆਖਰੀ-11 ’ਚ ਜਗ੍ਹਾ ਬਣਾਉਣ ’ਚ ਅਸਫਲ ਰਿਹਾ ਅਸ਼ਵਿਨ 860 ਅੰਕਾਂ ਨਾਲ ਦੁਨੀਆ ਦਾ ਨੰਬਰ ਇਕ ਗੇਂਦਬਾਜ਼ ਬਣਿਆ ਹੋਇਆ ਹੈ। ਉਸ ਤੋਂ ਬਾਅਦ ਇੰਗਲੈਂਡ ਦਾ ਜੇਮਸ ਐਂਡਰਸਨ 892 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤੀ ਗੇਂਦਬਾਜ਼ਾਂ ’ਚ ਜਸਪ੍ਰੀਤ ਬੁਮਰਾਹ (772) ਤੇ ਰਵਿੰਦਰ ਜਡੇਜਾ (765) ਕ੍ਰਮਵਾਰ 8ਵੇਂ ਤੇ 9ਵੇਂ ਸਥਾਨ ’ਤੇ ਬਰਕਰਾਰ ਹਨ। ਭਾਰਤ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਕ ਸਥਾਨ ਹੇਠਾਂ 14ਵੇਂ ਸਥਾਨ ’ਤੇ ਖਿਸਕ ਗਿਆ ਹੈ ਜਦਕਿ ਅਜਿੰਕਯ ਰਹਾਨੇ ਤੇ ਸ਼੍ਰੇਅਸ ਅਈਅਰ 1-1 ਸਥਾਨ ਉੱਪਰ ਚੜ੍ਹ ਕੇ ਕ੍ਰਮਵਾਰ 36ਵੇਂ ਤੇ 37ਵੇਂ ਸਥਾਨ ’ਤੇ ਹਨ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਟਾਪ-10 ’ਚ ਸ਼ਾਮਲ ਇਕਲੌਤਾ ਭਾਰਤੀ ਬੱਲੇਬਾਜ਼ ਹੈ। ਉਹ 10ਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ: ਪਾਵਰਲਿਫਟਰ ਟੀ ਵਿਸ਼ਾਲ ਨੇ ਸਪੈਸ਼ਲ ਓਲੰਪਿਕ 'ਚ ਭਾਰਤ ਲਈ ਜਿੱਤਿਆ ਪਹਿਲਾ ਤਮਗਾ
ਬੱਲੇਬਾਜ਼ਾਂ ਦੀ ਰੈਂਕਿੰਗ ’ਚ ਰੂਟ 5 ਸਥਾਨਾਂ ਦੀ ਛਲਾਂਗ ਨਾਲ ਲਾਬੂਸ਼ੇਨ ਨੂੰ ਪਛਾੜ ਕੇ ਨੰਬਰ ਇਕ ਬੱਲੇਬਾਜ਼ ਬਣ ਗਿਆ ਹੈ। ਆਸਟਰੇਲੀਆ ਦੇ ਇੰਗਲੈਂਡ ਨੂੰ ਐਜਬੈਸਟਨ ’ਚ ਰੋਮਾਂਚਕ ਪਹਿਲੇ ਟੈਸਟ ’ਚ 2 ਵਿਕਟਾਂ ਨਾਲ ਹਰਾ ਕੇ 5 ਟੈਸਟਾਂ ਦੀ ਏਸ਼ੇਜ਼ ਸੀਰੀਜ਼ ’ਚ 1-0 ਦੀ ਬੜ੍ਹਤ ਬਣਾਉਣ ਤੋਂ ਇਕ ਦਿਨ ਬਾਅਦ ਰੈਂਕਿੰਗ ’ਚ ਬਦਲਾਅ ਆਇਆ ਹੈ। ਰੂਟ ਨੇ ਇੰਗਲੈਂਡ ਦੀ ਪਹਿਲੀ ਪਾਰੀ ’ਚ 118 ਤੇ ਦੂਜੀ ਪਾਰੀ ’ਚ 46 ਦੌੜਾਂ ਬਣਾਈਆਂ, ਜਦਕਿ ਲਾਬੂਸ਼ੇਨ ਦੋਵੇਂ ਪਾਰੀਆਂ ’ਚ ਬੱਲੇ ਨਾਲ ਛਾਪ ਛੱਡਣ ’ਚ ਅਸਫਲ ਰਿਹਾ। ਇੰਗਲੈਂਡ ਵਿਰੁੱਧ 0 ਤੇ 13 ਦੌੜਾਂ ਬਣਾਉਣ ਵਾਲਾ ਲਾਬੂਸ਼ੇਨ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਨਿਊਜ਼ੀਲੈਂਡ ਦਾ ਧਾਕੜ ਬੱਲੇਬਾਜ਼ ਕੇਨ ਵਿਲੀਅਮਸਨ ਦੋ ਸਥਾਨਾਂ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਆ ਗਿਆ ਹੈ। ਆਸਟਰੇਲੀਆ ਦਾ ਟ੍ਰੈਵਿਸ ਹੈੱਡ (ਇਕ ਸਥਾਨ ਹੇਠਾਂ ਚੌਥੇ ਸਥਾਨ ’ਤੇ) ਅਤੇ ਸਟੀਵ ਸਮਿਥ (4 ਸਥਾਨ ਹੇਠਾਂ ਛੇਵੇਂ ਸਥਾਨ ’ਤੇ) ਵੀ ਨੰਬਰ ਇਕ ਟੈਸਟ ਬੱਲੇਬਾਜ਼ ਬਣਨ ਦੀ ਦੌੜ ਵਿਚ ਪੱਛੜ ਗਏ ਹਨ। ਹਾਲਾਂਕਿ ਟਾਪ-6 ਬੱਲੇਬਾਜ਼ਾਂ ਵਿਚਾਲੇ ਸਿਰਫ 26 ਰੇਟਿੰਗ ਅੰਕਾਂ ਦਾ ਫਰਕ ਹੈ। ਗੇਂਦਬਾਜ਼ਾਂ ’ਚ ਦੱਖਣੀ ਅਫਰੀਕਾ ਦਾ ਕੈਗਿਸੋ ਰਬਾਡਾ ਆਸਟਰੇਲੀਆ ਦੇ ਪੈਟ ਕਮਿੰਸ (824) ਨੂੰ ਪਛਾੜ ਕੇ 825 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ: 1,000 ਕਰੋੜ ਤੋਂ ਪਾਰ ਹੋਈ ਵਿਰਾਟ ਕੋਹਲੀ ਦੀ ਨੈੱਟਵਰਥ, ਜਾਣੋ ਕਿੱਥੋਂ-ਕਿੱਥੋਂ ਆਉਂਦੀ ਹੈ ਕਮਾਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।