KXIP 'ਚੋਂ ਅਸ਼ਵਿਨ ਦੀ ਹੋਈ ਛੁੱਟੀ, ਇਸ ਧਾਕੜ ਬੱਲੇਬਾਜ਼ ਨੂੰ ਕਪਤਾਨੀ ਮਿਲਣਾ ਤੈਅ
Wednesday, Sep 04, 2019 - 12:15 PM (IST)

ਸਪੋਰਟਸ ਡੈਸਕ : ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਟੀਮ 'ਤੋਂ ਕਪਤਾਨ ਰਵੀ ਚੰਦਰਨ ਅਸ਼ਵਿਨ ਦੀ ਵਿਦਾਈ ਲੱਗਭਗ ਤੈਅ ਹੋ ਗਈ ਹੈ। ਉਸਦੀ ਜਗ੍ਹਾ ਕੇ. ਐੱਲ. ਰਾਹੁਲ ਨੂੰ ਪੰਜਾਬ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ। ਉਮੀਦ ਹੈ ਕਿ ਅਸ਼ਵਿਨ ਨੂੰ ਦਿੱਲੀ ਕੈਪੀਟਲਸ ਵਿਚ ਜਗ੍ਹਾ ਮਿਲ ਸਕਦੀ ਹੈ ਪਰ ਉਸ ਨੂੰ ਉੱਥੇ ਕਪਤਾਨੀ ਮਿਲੇਗੀ ਜਾਂ ਨਹੀਂ ਇਸ 'ਤੇ ਸ਼ਸ਼ੋਪੰਜ ਅਜੇ ਜਾਰੀ ਹੈ। ਦਿੱਲੀ ਦੀ ਕਪਤਾਨੀ ਅਜੇ ਸ਼੍ਰੇਅਸ ਅਈਅਰ ਦੇ ਹੱਥਾਂ ਵਿਚ ਹੈ ਜੋ ਕੁਝ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਅਜਿਹੇ 'ਚ ਉਸ ਨੂੰ ਬਦਲਣਾ ਅਸ਼ਵਿਨ ਲਈ ਮੁਸ਼ਕਿਲ ਹੋਵੇਗਾ। ਉੱਥੇ ਹੀ ਅਸ਼ਵਿਨ ਦੇ ਹਟਣ ਨਾਲ ਪੰਜਾਬ ਨੂੰ ਬਿਹਤਰੀਨ ਸਪਿਨਰ ਦੇ ਟੀਮ 'ਚੋਂ ਜਾਣ ਦਾ ਨੁਕਸਾਨ ਚੁੱਕਣਾ ਪੈ ਸਕਦਾ ਹੈ।
ਅਸ਼ਵਿਨ ਪਿਛਲੇ 2 ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਹੇ ਹਨ। ਉਸਦੀ ਕਪਤਾਨੀ ਵਿਚ ਟੀਮ ਨੇ ਚੰਗਾ ਪ੍ਰਦਰਸ਼ਨ ਤਾਂ ਕੀਤਾ ਪਰ ਟੀਮ ਫਾਈਨਲ ਵਿਚ ਪਹੁੰਚ ਨਹੀਂ ਸਕੀ। ਹੁਣ ਉਹ ਦਿੱਲੀ ਕੈਪੀਟਲਸ ਵੱਲੋਂ ਖੇਡਦੇ ਦਿਸ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਅਤੇ ਪੰਜਾਬ ਟੀਮ ਦੇ ਮਾਲਕਾਂ ਦੀ ਇਸ ਸਬੰਧੀ ਗੱਲਬਾਤ ਚੱਲ ਰਹੀ ਹੈ। ਵੈਸੇ ਵੀ ਅਸ਼ਵਿਨ ਜੇਕਰ ਦਿੱਲੀ ਵਿਚ ਗਏ ਤਾਂ ਇਹ ਟੀਮ ਹੋਰ ਵੀ ਮਜ਼ਬੂਤ ਹੋ ਜਾਵੇਗੀ। ਦਿੱਲੀ ਦੇ ਕੋਲ ਪਹਿਲਾਂ ਹੀ ਅਕਸ਼ਰ ਪਟੇਲ, ਅਮਿਤ ਮਿਸ਼ਰਾ, ਰਾਹੁਲ ਤੇਵਤਿਆ, ਮਯੰਕ ਮਾਰਕੰਡੇ, ਸੁਚਿਤ ਅਤੇ ਸੰਦੀਪ ਲਾਮਿਛਾਨੇ ਵਰਗੇ ਸਪਿਨਰ ਹਨ। ਅਜਿਹੇ 'ਚ ਇਕ ਤਜ਼ਰਬੇਕਾਰ ਸਪਿਨਰ ਦੇ ਆਉਣ ਨਾਲ ਟੀਮ ਨੂੰ ਫਾਇਦਾ ਹੋ ਸਕਦਾ ਹੈ।
ਅਸ਼ਵਿਨ ਜੇਕਰ ਦਿੱਲੀ ਵਿਚ ਗਏ ਤਾਂ ਉਸ ਨੂੰ ਕਿੰਨੇ ਪੈਸੇ ਮਿਲਣਗੇ, ਇਸ 'ਤੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। 2018 ਵਿਚ ਹੋਈ ਨਿਲਾਮੀ ਦੌਰਾਨ ਅਸ਼ਵਿਨ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 7.6 ਕਰੋੜ ਰੁਪਏ 'ਚ ਖਰੀਦਿਆ ਸੀ। ਅਸ਼ਵਿਨ ਨੇ ਆਈ. ਪੀ. ਐੱਲ. ਦੇ 139 ਮੈਚਾਂ ਵਿਚ 6.79 ਦੀ ਇਕਾਨਮੀ ਨਾਲ 125 ਵਿਕਟਾਂ ਲਈਆਂ ਹਨ। ਉਹ ਚੇਨਈ ਸੁਪਰ ਕਿੰਗਜ਼, ਰਾਈਜ਼ਿੰਗ ਪੁਣੇ ਸੁਪਰਜਾਇੰਟ ਵੱਲੋਂ ਵੀ ਖੇਡ ਚੁੱਕੇ ਹਨ। ਉੱਥੇ ਹੀ ਕੇ. ਐੱਲ. ਰਾਹੁਲ ਦਾ ਪੰਜਾਬ ਟੀਮ ਦਾ ਕਪਤਾਨ ਬਣਨਾ ਲੱਗਭਗ ਤੈਅ ਹੈ। ਵੈਸੇ ਵੀ ਉਸਦਾ ਪ੍ਰਦਰਸ਼ਨ ਪੰਜਾਬ ਟੀਮ ਲਈ ਸ਼ਾਨਦਾਰ ਰਿਹਾ ਹੈ।