ਅੰਕੜਿਆਂ ਦਾ ਅਦਭੁੱਤ ਸੰਯੋਗ : ਅਸ਼ਵਿਨ ਤੇ ਬੇਅਰਸਟੋ ਇਕੱਠੇ ਹੀ ਪੂਰਾ ਕਰਨਗੇ ਟੈਸਟ ਮੈਚਾਂ ਦਾ ਸੈਂਕੜਾ

03/06/2024 10:45:35 AM

ਧਰਮਸ਼ਾਲਾ- ਭਾਰਤ ਦੇ ਆਫ ਸਪਿਨਰ ਆਰ. ਅਸ਼ਵਿਨ ਤੇ ਇੰਗਲੈਂਡ ਦੇ ਬੱਲੇਬਾਜ਼ ਜਾਨੀ ਬੇਅਰਸਟੋ ਵੀਰਵਾਰ ਤੋਂ ਇੱਥੇ 5 ਮੈਚਾਂ ਦੀ ਲੜੀ ਦੇ ਆਖਰੀ ਮੈਚ ਲਈ ਜਦੋਂ ਮੈਦਾਨ ’ਤੇ ਉਤਰਨਗੇ ਤਾਂ ਇਹ ਚੌਥਾ ਮੌਕਾ ਹੋਵੇਗਾ ਜਦੋਂ ਦੋ ਖਿਡਾਰੀ ਇਕੱਠੇ ਆਪਣਾ 100ਵਾਂ ਟੈਸਟ ਮੈਚ ਖੇਡਦੇ ਦਿਸਣਗੇ। ਅਜਿਹਾ ਪਹਿਲਾ ਮੌਕਾ ਸਾਲ 2000 ਵਿਚ ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ ਓਲਡ ਟ੍ਰੈਫਰਡ ਵਿਚ ਖੇਡੇ ਗਏ ਮੈਚ ਵਿਚ ਆਇਆ ਸੀ ਜਦੋਂ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਐਥਰਟਨ ਤੇ ਐੈਲੇਕ ਸਟੀਵਰਟ ਨੇ ਇਸ ਇਤਿਹਾਸਕ ਉਪਲਬੱਧੀ ਨੂੰ ਹਾਸਲ ਕੀਤਾ ਸੀ।
ਦੱਖਣੀ ਅਫਰੀਕਾ ਦੇ ਜੈਕਸ ਕੈਲਿਸ, ਸ਼ਾਨ ਪੋਲਾਕ ਤੇ ਨਿਊਜ਼ੀਲੈਂਡ ਦੇ ਸਟੀਫਨ ਫਲੇਮਿੰਗ ਨੇ 2006 ਵਿਚ ਸੈਂਚੂਰੀਅਨ ਵਿਚ ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ ਮੈਚ ਵਿਚ ਆਪਣਾ-ਆਪਣਾ 100ਵਾਂ ਟੈਸਟ ਮੈਚ ਖੇਡਿਆ ਸੀ। ਇਹ ਇਕਲੌਤਾ ਮੌਕਾ ਸੀ ਜਦੋਂ ਤਿੰਨ ਖਿਡਾਰੀਆਂ ਨੇ ਇਕ ਹੀ ਮੈਚ ਵਿਚ ਆਪਣਾ 100ਵਾਂ ਟੈਸਟ ਖੇਡਿਆ ਸੀ। ਇਸ ਤੋਂ ਬਾਅਦ 2013 ਵਿਚ ਪਰਥ ਵਿਚ ਇੰਗਲੈਂਡ-ਆਸਟ੍ਰੇਲੀਆ ਏਸ਼ੇਜ਼ ਲੜੀ ਵਿਚ ਐਲਿਸਟੀਅਰ ਕੁਕ ਤੇ ਮਾਈਕਲ ਕਲਾਰਕ ਨੇ ਟੈਸਟ ਮੈਚਾਂ ਦਾ ਸੈਂਕੜਾ ਇਕੱਠੇ ਪੂਰਾ ਕੀਤਾ ਸੀ।
ਅਸ਼ਵਿਨ ਤੇ ਬੇਅਰਸਟੋ ਵੀਰਵਾਰ ਤੋਂ ਇੱਥੇ 5ਵੇਂ ਤੇ ਆਖਰੀ ਟੈਸਟ ਵਿਚ ਆਪਣੀ-ਆਪਣੀ ਟੀਮ ਦੀ ਪ੍ਰਤੀਨਿਧਤਾ ਕਰਨਗੇ। ਇਹ ਸਿਰਫ ਦੂਜਾ ਮੌਕਾ ਹੋਵੇਗਾ ਜਦੋਂ ਵਿਰੋਧੀ ਟੀਮਾਂ ਦੇ ਦੋ ਖਿਡਾਰੀ ਇਕ ਹੀ ਮੈਚ ਵਿਚ ਆਪਣਾ 100ਵਾਂ ਟੈਸਟ ਖੇਡਣਗੇ। ਭਾਰਤ-ਇੰਗਲੈਂਡ ਮੈਚ ਸ਼ੁਰੂ ਹੋਣ ਤੋਂ ਠੀਕ ਇਕ ਦਿਨ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਟਿਮ ਸਾਊਥੀ ਤੇ ਉਸਦੇ ਸਾਬਕਾ ਹਮ-ਅਹੁਦਾ ਕੇਨ ਵਿਲੀਅਮਸਨ ਆਸਟ੍ਰੇਲੀਆ ਵਿਰੁੱਧ ਦੂਜੇ ਮੈਚ ਦੌਰਾਨ ਇਕੱਠੇ ਆਪਣਾ 100ਵਾਂ ਟੈਸਟ ਖੇਡਣਗੇ।
ਅਸ਼ਵਿਨ ਨੇ 2011 ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਹ ਹਾਲ ਹੀ ਵਿਚ ਖੇਡ ਦੇ ਸਭ ਤੋਂ ਲੰਬੇ ਸਵਰੂਪ ਵਿਚ 500 ਵਿਕਟਾਂ ਦਾ ਅੰਕੜਾ ਪਾਰ ਕਰਨ ਵਾਲੇ ਅਨਿਲ ਕੁੰਬਲੇ ਤੋਂ ਬਾਅਦ ਦੂਜਾ ਭਾਰਤੀ ਬਣਿਆ ਸੀ। 34 ਸਾਲਾ ਬੇਅਰਸਟੋ 100ਵੀਂ ਟੈਸਟ ਕੈਪ ਹਾਸਲ ਕਰਨ ਵਾਲਾ ਇੰਗਲੈਂਡ ਦਾ 17ਵਾਂ ਖਿਡਾਰੀ ਬਣੇਗਾ। ਉਸ ਨੇ 2012 ਵਿਚ ਡੈਬਿਊ ਕੀਤਾ ਸੀ। ਮੌਜੂਦਾ ਲੜੀ ਵਿਚ ਭਾਰਤ ਪਹਿਲਾਂ ਹੀ 3-1 ਦੀ ਅਜੇਤੂ ਬੜ੍ਹਤ ਹਾਸਲ ਕਰ ਚੁੱਕਾ ਹੈ।


Aarti dhillon

Content Editor

Related News