ਏਸ਼ੇਜ਼ ਟੈਸਟ ਸੀਰੀਜ਼ : ਰੋਰੀ ਬਰਨਸ ਦੇ ਪਹਿਲੇ ਸੈਂਕੜੇ ਨਾਲ ਇੰਗਲੈਂਡ ਮਜ਼ਬੂਤ
Saturday, Aug 03, 2019 - 12:25 AM (IST)

ਬਰਮਿੰਘਮ— ਸਲਾਮੀ ਬੱਲੇਬਾਜ਼ ਰੋਰੀ ਬਰਨਸ ਦੇ ਸ਼ਾਨਦਾਰ ਅਜੇਤੂ ਸੈਂਕੜੇ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਆਸਟਰੇਲੀਆ ਵਿਰੁੱਧ ਪਹਿਲੇ ਏਸ਼ੇਜ਼ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ 4 ਵਿਕਟਾਂ 'ਤੇ 267 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ ਵਿਚ ਪਹੁੰਚ ਗਿਆ ਹੈ। ਆਸਟਰੇਲੀਆ ਨੇ ਸਟੀਵ ਸਮਿਥ ਦੀ 144 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ ਵਿਚ 284 ਦੌੜਾਂ ਬਣਾਈਆਂ ਸਨ ਤੇ ਇਸ ਤਰ੍ਹਾਂ ਇੰਗਲੈਂਡ ਉਸ ਤੋਂ ਅਜੇ ਵੀ 17 ਦੌੜਾਂ ਪਿੱਛੇ ਹੈ ਜਦਕਿ ਉਸ ਦੀਆਂ 6 ਵਿਕਟਾਂ ਸੁਰੱਖਿਅਤ ਹਨ।
ਇੰਗਲੈਂਡ ਨੇ ਸਵੇਰੇ ਬਿਨਾਂ ਕਿਸੇ ਨੁਕਸਾਨ ਦੇ 10 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਇੰਗਲੈਂਡ ਨੂੰ ਇਸ ਮਜ਼ਬੂਤ ਸਥਿਤੀ ਵਿਚ ਪਹੁੰਚਾਉਣ ਦਾ ਸਿਹਰਾ ਓਪਨਰ ਬਰਨਸ ਨੂੰ ਜਾਂਦਾ ਹੈ, ਜਿਸ ਨੇ 8ਵੇਂ ਟੈਸਟ ਵਿਚ ਜਾ ਕੇ ਆਪਣਾ ਪਹਿਲਾ ਸੈਂਕੜਾ ਬਣਾਇਆ। ਬਰਨਸ ਨੇ 282 ਗੇਂਦਾਂ 'ਤੇ ਅਜੇਤੂ 125 ਦੌੜਾਂ ਦੀ ਪਾਰੀ ਵਿਚ ਹੁਣ ਤਕ 16 ਚੌਕੇ ਲਾਏ ਹਨ। ਉਸ ਦੇ ਨਾਲ ਕ੍ਰੀਜ਼ 'ਤੇ ਬੇਨ ਸਟੋਕਸ 71 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ ਅਜੇਤੂ 38 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ।