ਏਸ਼ੇਜ਼ ਟੈਸਟ : ਸਮਿਥ ਦੇ ਦੋਹਰੇ ਸੈਂਕੜੇ ਨਾਲ ਆਸਟਰੇਲੀਆ ਮਜ਼ਬੂਤ ਸਥਿਤੀ ''ਤੇ

Friday, Sep 06, 2019 - 12:24 AM (IST)

ਏਸ਼ੇਜ਼ ਟੈਸਟ : ਸਮਿਥ ਦੇ ਦੋਹਰੇ ਸੈਂਕੜੇ ਨਾਲ ਆਸਟਰੇਲੀਆ ਮਜ਼ਬੂਤ ਸਥਿਤੀ ''ਤੇ

ਮਾਨਚੈਸਟਰ— ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੇ ਕੌਮਾਂਤਰੀ ਕ੍ਰਿਕਟ ਵਿਚ ਦੋਹਰੇ ਸੈਂਕੜੇ ਨਾਲ ਵਾਪਸੀ ਕਰਦਿਆਂ ਇੰਗਲੈਂਡ ਵਿਰੁੱਧ ਚੌਥੇ ਏਸ਼ੇਜ਼ ਟੈਸਟ ਵਿਚ 211 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਆਸਟਰੇਲੀਆ ਨੇ ਦੂਜੇ ਦਿਨ ਚਾਹ ਦੀ ਬ੍ਰੇਕ ਤੋਂ ਬਾਅਦ 128 ਓਵਰਾਂ ਵਿਚ 8 ਵਿਕਟਾਂ 'ਤੇ 497 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕਰ ਦਿੱਤੀ। ਸਮਿਥ ਦਾ ਟੈਸਟ ਵਿਚ ਇਹ 26ਵਾਂ ਸੈਂਕੜਾ ਸੀ ਜਦਕਿ ਉਸ ਨੇ ਤੀਜੀ ਵਾਰ ਦੋਹਰਾ ਸੈਂਕੜਾ ਲਾਇਆ।

PunjabKesari
ਲਾਰਡਸ ਵਿਚ ਦੂਜੇ ਏਸ਼ੇਜ਼ ਟੈਸਟ ਵਿਚ ਸਮਿਥ ਪਹਿਲੀ ਪਾਰੀ ਵਿਚ ਜੋਫ੍ਰਾ ਆਰਚਰ ਦੇ ਬਾਊਂਸਰ 'ਤੇ ਜ਼ਖ਼ਮੀ ਹੋਇਆ ਸੀ ਤੇ ਬੇਹੋਸ਼ੀ ਵਰਗੀ ਸਥਿਤੀ ਕਾਰਣ ਦੂਜੀ ਪਾਰੀ ਤੇ ਤੀਜੇ ਟੈਸਟ ਵਿਚ ਨਹੀਂ ਖੇਡ ਸਕਿਆ ਸੀ। ਸਮਿਥ ਦਾ ਮੌਜੂਦਾ ਏਸ਼ੇਜ਼ ਲੜੀ ਵਿਚ ਇਹ ਤੀਜਾ ਸੈਂਕੜਾ ਹੈ। ਗੇਂਦ ਨਾਲ ਛੇੜਖਾਨੀ ਕਰਨ ਦੇ ਮਾਮਲੇ ਕਾਰਣ ਇਕ ਸਾਲ ਦੀ ਪਾਬੰਦੀ ਤੋਂ ਬਾਅਦ ਵਾਪਸੀ ਕਰਦੇ ਹੋਏ ਸਮਿਥ ਨੇ ਐਜਬਸਟਨ ਵਿਚ ਆਪਣੇ ਪਹਿਲੇ ਹੀ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ 144 ਤੇ 142 ਦੌੜਾਂ ਬਣਾਈਆਂ ਸਨ, ਜਿਸ ਨਾਲ ਆਸਟਰੇਲੀਆ ਨੇ ਇਹ ਮੈਚ 251 ਦੌੜਾਂ ਨਾਲ ਜਿੱਤਿਆ ਸੀ।

PunjabKesari
ਆਸਟਰੇਲੀਆ ਨੇ ਦਿਨ ਦੀ ਸ਼ੁਰੂਆਤ ਤਿੰਨ ਵਿਕਟਾਂ 'ਤੇ 170 ਦੌੜਾਂ ਨਾਲ ਕੀਤੀ ਸੀ। ਸਮਿਥ 60 ਦੌੜਾਂ ਤੋਂ ਅੱਗੇ ਖੇਡਣ ਉਤਰਿਆ ਸੀ। ਕੱਲ ਜ਼ਿਆਦਾਤਰ ਸਮਾਂ ਮੀਂਹ ਤੋਂ ਬਾਅਦ ਵੀਰਵਾਰ ਨੂੰ ਬਿਹਤਰ ਹਾਲਾਤ ਵਿਚ ਮੈਚ ਸ਼ੁਰੂ ਹੋਇਆ। ਦਿਨ ਦੀ ਖੇਡ ਖਤਮ ਹੋਣ ਤਕ ਇੰਗਲੈਂਡ ਨੇ ਪਹਿਲੀ ਪਾਰੀ ਵਿਚ 10 ਓਵਰਾਂ ਵਿਚ 1 ਵਿਕਟ ਗੁਆ ਕੇ 23 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਅਜੇ ਵੀ ਆਸਟਰੇਲੀਆ ਦੇ ਸਕੋਰ ਤੋਂ 474 ਦੌੜਾਂ ਪਿੱਛੇ ਹੈ।


author

Gurdeep Singh

Content Editor

Related News