ਅਰਵਿੰਦ ਬਣਿਆ ਭਾਰਤ ਦਾ ਰੈਪਿਡ ਅਤੇ ਬਲਿਟਜ਼ ਸ਼ਤਰੰਜ ਚੈਂਪੀਅਨ
Tuesday, May 28, 2019 - 09:20 PM (IST)

ਜਲੰਧਰ (ਨਿਕਲੇਸ਼ ਜੈਨ)— ਅਖਿਲ ਭਾਰਤੀ ਸ਼ਤਰੰਜ ਮਹਾਸੰਘ ਦੀ ਅਗਵਾਈ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਖਤਮ ਹੋਈ ਨੈਸ਼ਨਲ ਰੈਪਿਡ ਅਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦੇ ਦੋਹਰੇ ਖਿਤਾਬ ਭਾਰਤ ਦੇ ਮੌਜੂਦਾ ਰਾਸ਼ਟਰੀ ਕਲਾਸੀਕਲ ਚੈਂਪੀਅਨ ਤਾਮਿਲਨਾਡੂ ਦੇ ਅਰਵਿੰਦ ਚਿਦਾਂਬਰਮ ਨੇ ਆਪਣੇ ਨਾਂ ਕੀਤੇ। ਇਸ ਦੇ ਨਾਲ ਹੀ ਇਕੱਠੇ 3 ਰਾਸ਼ਟਰੀ ਖਿਤਾਬ ਰੱਖਣ ਦਾ ਉਸ ਨੇ ਇਕ ਅਨੋਖਾ ਕਾਰਨਾਮਾ ਕਰ ਦਿੱਤਾ ਹੈ।
4 ਦਿਨਾ ਇਸ ਪ੍ਰਤੀਯੋਗਿਤਾ ਵਿਚ ਪਹਿਲਾਂ ਰੈਪਿਡ ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਹਰੇਕ ਖਿਡਾਰੀ ਨੂੰ 15-15 ਮਿੰਟ ਅਤੇ ਹਰ ਚਾਲ 'ਤੇ 10 ਸੈਕੰਡ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। 11 ਰਾਊਂਡਜ਼ ਦੇ ਹੋਏ ਇਸ ਮੁਕਾਬਲੇ ਵਿਚ ਅਰਵਿੰਦ ਨੇ ਅਸਾਧਾਰਨ ਪ੍ਰਦਰਸ਼ਨ ਕਰਦਿਆਂ 10.5 ਅੰਕ ਬਣਾ ਕੇ ਖਿਤਾਬ ਜਿੱਤ ਲਿਆ। ਗ੍ਰੈਂਡਮਾਸਟਰ ਵਿਸ਼ਾਖ ਐੱਨ. ਆਰ. 9 ਅੰਕ ਬਣਾ ਕੇ ਦੂਜੇ ਸਥਾਨ 'ਤੇ ਰਿਹਾ। 6 ਖਿਡਾਰੀ 8 ਅੰਕਾਂ 'ਤੇ ਰਹੇ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਆਰ. ਆਰ. ਲਕਸ਼ਮਣ ਤੀਜੇ ਸਥਾਨ 'ਤੇ ਆਉਣ ਵਿਚ ਸਫਲ ਰਿਹਾ। ਉਂਝ ਤਾਂ ਮਹਿਲਾ ਤੇ ਪੁਰਸ਼ ਇਕੱਠੇ ਖੇਡੇ ਪਰ ਮਹਿਲਾ ਖਿਡਾਰੀਆਂ ਵਿਚ ਭਗਤੀ ਕੁਲਕਰਨੀ ਪਹਿਲੇ, ਦਿਵਿਆ ਦੇਸ਼ਮੁਖ ਦੂਜੇ ਅਤੇ ਮੀਨਾਕਸ਼ੀ ਸੁਬਰਾਮਣੀਅਮ ਤੀਜੇ ਸਥਾਨ 'ਤੇ ਰਹੀ।
ਬਲਿਟਜ਼ ਪ੍ਰਤੀਯੋਗਿਤਾ ਸ਼ਤਰੰਜ ਦਾ ਸਭ ਤੋਂ ਛੋਟਾ ਅਤੇ ਜਲਦ ਖਤਮ ਹੋਣ ਵਾਲਾ ਫਾਰਮੈੱਟ ਹੁੰਦਾ ਹੈ। ਇਸ ਵਿਚ ਹਰੇਕ ਖਿਡਾਰੀ ਨੂੰ 3-3 ਮਿੰਟ 'ਤੇ ਹਰ ਚਾਲ 'ਤੇ 2 ਸੈਕੰਡ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। ਇਥੇ ਵੀ ਅਰਵਿੰਦ ਅਜੇਤੂ ਰਿਹਾ ਅਤੇ 9 ਜਿੱਤਾਂ ਅਤੇ 2 ਡਰਾਅ ਨਾਲ 10 ਅੰਕ ਬਣਾ ਕੇ ਪਹਿਲੇ ਸਥਾਨ 'ਤੇ ਰਿਹਾ। ਆਰ. ਆਰ. ਲਕਸ਼ਮਣ 9 ਅੰਕਾਂ ਨਾਲ ਦੂਜੇ ਅਤੇ ਭਗਤੀ ਕੁਲਕਰਨੀ 8 ਅੰਕਾਂ ਨਾਲ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਤੀਜੇ ਸਥਾਨ 'ਤੇ ਰਹੀ। ਪ੍ਰਤੀਯੋਗਿਤਾ ਵਿਚ ਭਾਰਤ ਦੇ ਚੋਟੀ ਦੇ 2 ਖਿਡਾਰੀ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਵਿਸ਼ਵ ਰੈਪਿਡ ਅਤੇ ਬਲਿਟਜ਼ ਪ੍ਰਤੀਯੋਗਿਤਾ ਵਿਚ ਭਾਰਤ ਦੀ ਅਗਵਾਈ ਕਰਨਗੇ।
ਇਸ ਮੌਕੇ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਅਮਨ ਮਿੱਤਲ (ਡਾਇਰੈਕਟਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।