ਅਰਮੇਨੀਆ ਦਾ ਸਹਿਕਯਾਨ ਸਮਵੇਲ ਬਣਿਆ ਗੋਆ ਇੰਟਰਨੈਸ਼ਨਲ ਚੈਂਪੀਅਨ
Thursday, Jun 27, 2019 - 12:16 AM (IST)

ਗੋਆ (ਨਿਕਲੇਸ਼ ਜੈਨ)- ਅਰਮੇਨੀਆ ਦੇ ਗ੍ਰੈਂਡ ਮਾਸਟਰ ਸਹਿਕਯਾਨ ਸਮਵੇਲ ਨੇ 3 ਖਿਡਾਰੀਆਂ ਵਿਚਾਲੇ ਟਾਈ ਹੋਣ ਤੋਂ ਬਾਅਦ ਵਧੀਆ ਟਾਈਬ੍ਰੇਕ ਦੇ ਆਧਾਰ 'ਤੇ ਗੋਆ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰ ਲਿਆ। ਆਖਰੀ ਰਾਊਂਡ ਵਿਚ ਸਹਿਕਯਾਨ ਸਮਵੇਲ ਦੀ ਜਾਰਜੀਆ ਦੇ ਗ੍ਰੈਂਡ ਮਾਸਟਰ ਜੋਜੁਆ ਦਾਵਿਤ 'ਤੇ ਜਿੱਤ ਜ਼ੋਰਦਾਰ ਰਹੀ। ਉਹ 8 ਅੰਕਾਂ 'ਤੇ ਪਹੁੰਚ ਗਿਆ, ਜਦਕਿ ਉਸ ਦਾ ਹਮਵਤਨ ਅਤੇ ਸ਼ੁਰੂਆਤ ਤੋਂ ਹੀ ਬੜ੍ਹਤ 'ਤੇ ਚੱਲ ਰਿਹਾ ਪੈਟ੍ਰੋਸੀਅਨ ਮੈਨੁਅਲ ਵੀ ਆਪਣਾ ਮੁਕਾਬਲਾ ਜਾਰਜੀਆ ਦੇ ਲੂਕਾ ਪਾਈਚਾਦਾ ਨਾਲ ਡਰਾਅ ਖੇਡਦਾ ਹੋਇਆ 8 ਅੰਕਾਂ 'ਤੇ ਆ ਗਿਆ।
ਪਿਛਲੇ ਚੈਂਪੀਅਨ ਈਰਾਨ ਦੇ ਇਦਾਨੀ ਪੌਯਾ ਨੇ ਟਾਪ ਸੀਡ ਅਤੇ ਖਿਤਾਬ ਦੇ ਮੁੱਖ ਦਾਅਵੇਦਾਰ ਵੈਨੇਜ਼ੁਏਲਾ ਦੇ ਐਡੁਯਾਰਡੋ ਇਤੁਰਿਜਾਗਾ ਨੂੰ ਹਰਾਉਂਦੇ ਹੋਏ 8 ਅੰਕ ਬਣਾ ਲਏ। ਇਸ ਤਰ੍ਹਾਂ ਤਿੰਨਾਂ ਵਿਚਾਲੇ ਮੁਕਾਬਲਾ ਟਾਈ ਹੋ ਗਿਆ। ਟਾਈਬ੍ਰੇਕ ਦੇ ਆਧਾਰ 'ਤੇ ਸਹਿਕਯਾਨ ਸਮਵੇਲ ਪਹਿਲੇ, ਪੈਟ੍ਰੋਸੀਅਨ ਮੈਨੁਅਲ ਦੂਜੇ ਅਤੇ ਇਦਾਨੀ ਪੌਯਾ ਤੀਜੇ ਸਥਾਨ 'ਤੇ ਰਿਹਾ। ਚੌਥੇ ਤੋਂ ਲੈ ਕੇ 11ਵੇਂ ਸਥਾਨ ਤੱਕ ਸਾਰੇ ਖਿਡਾਰੀ 7.5 ਅੰਕਾਂ 'ਤੇ ਰਹੇ। ਇਨ੍ਹਾਂ 'ਚ ਟਾਈਬ੍ਰੇਕ ਦੇ ਆਧਾਰ 'ਤੇ ਰੂਸ ਦਾ ਵਲਾਦੀਮੀਰ ਬੁਮਰਕਿਨ, ਯੂਕ੍ਰੇਨ ਦਾ ਐਡਮ ਤੁਖੇਵ, ਜਾਰਜੀਆ ਦਾ ਲੂਕਾ ਪਾਈਚਾਦਾ, ਚਿੱਲੀ ਦਾ ਰੋਡ੍ਰਿਗੋ ਵਾਸਕੇਸ, ਬੰਗਲਾਦੇਸ਼ ਦਾ ਜਿਯੌਰ ਰਹਿਮਾਨ, ਭਾਰਤ ਦਾ ਨੁਬੇਰ ਸ਼ਾਹ, ਡੀ. ਗੁਕੇਸ਼ ਅਤੇ ਦੇਬਾਸ਼ੀਸ਼ ਦਾਸ ਕ੍ਰਮਵਾਰ ਚੌਥੇ ਤੋਂ 11ਵੇਂ ਸਥਾਨ 'ਤੇ ਰਹੇ।