ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਰਜਨਟੀਨਾ ਨੇ ਕੈਨੇਡਾ ਨੂੰ ਹਰਾਇਆ
Saturday, Jun 22, 2024 - 10:39 AM (IST)
ਅਟਲਾਂਟਾ– ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਕੋਪਾ ਅਮਰੀਕਾ ਫੁੱਟਬਾਲ ਕੱਪ-2024 ਵਿਚ ਆਪਣੀ ਮੁਹਿੰਮ ਦਾ ਆਗਾਜ਼ ਕੈਨੇਡਾ ਨੂੰ 2-0 ਨਾਲ ਹਰਾ ਕੇ ਕੀਤਾ ਤੇ ਦੋਵੇਂ ਗੋਲਾਂ ਵਿਚ ਲਿਓਨਿਲ ਮੈਸੀ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ। ਮੈਸੀ ਨੇ 49ਵੇਂ ਮਿੰਟ ਵਿਚ ਜੂਲੀਅਨ ਅਲਵਾਰੇਜ ਨੂੰ ਬਾਲ ਸੌਂਪੀ ਜਿਸ ਨੇ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 88ਵੇਂ ਮਿੰਟ ਵਿਚ ਲੌਤਾਰੋ ਮਾਰਟੀਨੇਜ ਦੇ ਗੋਲ ਵਿਚ ਸਹਾਇਕ ਦੀ ਭੂਮਿਕਾ ਨਿਭਾਈ। ਅਰਜਨਟੀਨਾ 2021 ਕੋਪਾ ਅਮਰੀਕਾ ਤੇ 2022 ਵਿਸ਼ਵ ਕੱਪ ਤੋਂ ਬਾਅਦ ਲਗਾਤਾਰ ਤੀਜਾ ਵੱਡਾ ਖਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਹੈ। ਅਮਰੀਕਾ ਵਿਚ ਦੂਜੀ ਵਾਰ ਦੱਖਣੀ ਅਮੀਰੀਕੀ ਫੁੱਟਬਾਲ ਦੀ ਇਹ ਸਭ ਤੋਂ ਵੱਡੀ ਚੈਂਪੀਅਨਸ਼ਿਪ ਹੋ ਰਹੀ ਹੈ।
ਮੈਸੀ ਦਾ ਕੋਪਾ ਵਿਚ ਇਹ 35ਵਾਂ ਮੈਚ ਸੀ ਤੇ ਉਸ ਨੇ ਚਿਲੀ ਸਰਜੀਓ ਲਿਵਿੰਗਸਟੋਨ ਨੂੰ ਪਿੱਛੇ ਛੱਡਿਆ, ਜਿਸ ਨੇ 1941 ਤੋਂ 1953 ਵਿਚਾਲੇ 34 ਕੋਪਾ ਅਮਰੀਕਾ ਮੈਚ ਖੇਡੇ ਸਨ।
ਉੱਥੇ ਹੀ, ਕੈਨੇਡਾ ਦੀ ਟੀਮ ਕੰਸਾਸ ਸਿਟੀ ਵਿਚ ਮੰਗਲਵਾਰ ਨੂੰ ਪੇਰੂ ਨਾਲ ਤੇ 29 ਜੂਨ ਨੂੰ ਓਰਲੈਂਡੋ ਨਾਲ ਚਿਲੀ ਵਿਚ ਖੇਡੇਗੀ। ਅਮਰੀਕਾ ਦੇ 14 ਸਟੇਡੀਅਮਾਂ ਵਿਚ ਇਹ ਟੂਰਨਾਮੈਂਟ ਹੋ ਰਿਹਾ ਹੈ, ਜਿਸ ਵਿਚ ਦੱਖਣੀ ਅਮਰੀਕਾ ਦੀਆਂ 10 ਟੀਮਾਂ ਹਿੱਸਾ ਲੈ ਰਹੀਆਂ ਹਨ।