ਤੀਰਅੰਦਾਜ਼ੀ ਵਿਸ਼ਵ ਕੱਪ ਦੂਜਾ ਗੇੜ, ਕੰਪਾਊਂਡ ਮਹਿਲਾ ਟੀਮ ਫਾਈਨਲ ’ਚ, ਕਾਂਸੀ ਤੋਂ ਖੁੰਝੇ ਪੁਰਸ਼
Wednesday, May 22, 2024 - 07:58 PM (IST)
ਯੇਚੀਓਨ (ਦੱਖਣੀ ਕੋਰੀਆ)– ਦੁਨੀਆ ਦੀ ਨੰਬਰ ਇਕ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਵਿਸ਼ਵ ਕੱਪ ਵਿਚ ਲਗਾਤਾਰ ਦੂਜੇ ਸੋਨ ਤਮਗੇ ਵੱਲ ਕਦਮ ਵਧਾਉਂਦੇ ਹੋਏ ਫਾਈਨਲ ਵਿਚ ਪਹੁੰਚ ਗਈ ਪਰ ਪੁਰਸ਼ ਕੰਪਾਊਂਡ ਟੀਮ ਵਿਸ਼ਵ ਕੱਪ ਦੂਜੇ ਗੇੜ ਵਿਚ ਕਾਂਸੀ ਤਮਗੇ ਤੋਂ ਖੁੰਜਣ ਤੋਂ ਬਾਅਦ ਖਾਲੀ ਹੱਥ ਪਰਤੇਗੀ। ਮਹਿਲਾ ਟੀਮ ਦੀ ਤਿੱਕੜੀ ਜਯੋਤੀ ਸੁਰੇਖਾ ਵੇਨਮ, ਪ੍ਰਣੀਤ ਕੌਰ ਤੇ ਅਦਿੱਤੀ ਸਵਾਮੀ ਨੇ ਸ਼ੰਘਾਈ ਵਿਚ ਪਿਛਲੇ ਮਹੀਨੇ ਪਹਿਲੇ ਗੇੜ ਵਿਚ ਸੋਨ ਤਮਗਾ ਜਿੱਤਿਆ ਸੀ। ਉਸਨੇ ਦੁਨੀਆ ਦੀ ਚੌਥੇ ਨੰਬਰ ਦੀ ਟੀਮ ਅਮਰੀਕਾ ਨੂੰ ਸੈਮੀਫਾਈਨਲ ਵਿਚ 233-229 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਵਿਸ਼ਵ ਰੈਂਕਿੰਗ ਵਿਚ ਸੱਤਵੇਂ ਸਥਾਨ ’ਤੇ ਕਾਬਜ਼ ਤੁਰਕੀ ਨਾਲ ਹੋਵੇਗਾ। ਤੁਰਕੀ ਨੇ ਦੱਖਣੀ ਕੋਰੀਆ ਨੂੰ 234-233 ਨਾਲ ਹਰਾਇਆ।
ਭਾਰਤੀ ਮਹਿਲਾ ਟੀਮ ਨੂੰ ਕੁਆਰਟਰ ਫਾਈਨਲ ਤਕ ਬਾਈ ਮਿਲੀ ਸੀ। ਆਖਰੀ-8 ਵਿਚ ਉਸ ਨੇ ਇਟਲੀ ਨੂੰ 236-234 ਨਾਲ ਹਰਾਇਆ। ਭਾਰਤੀ ਪੁਰਸ਼ ਤਿੱਕੜੀ ਪ੍ਰਿਯਾਂਸ਼ ਪ੍ਰਥਮੇਸ਼ ਫੁਗੇ ਤੇ ਅਭਿਸ਼ੇਕ ਵਰਮਾ ਸ਼ੂਟ ਆਫ ਵਿਚ ਆਸਟ੍ਰੇਲੀਆ ਹੱਥੋਂ 133-133 (10-10*) ਨਾਲ ਹਾਰ ਗਏ। ਦੋਵੇਂ ਟੀਮਾਂ ਦਾ ਸਕੋਰ ਬਰਾਬਰੀ ’ਤੇ ਸੀ ਪਰ ਆਸਟ੍ਰੇਲੀਆ ਨੇ ਸੈਂਟਰ ਦੇ ਨੇੜੇ ਦੋ ਤੀਰ ਜ਼ਿਆਦਾ ਮਾਰ ਕੇ ਬਾਜ਼ੀ ਮਾਰ ਲਈ।
ਤਰੁਣਦੀਪ ਰਾਏ ਤੇ ਦੀਪਿਕਾ ਕੁਮਾਰੀ ਰਿਕਰਵ ਵਰਗ ਵਿਚ ਆਪਣੇ-ਆਪਣੇ ਕੁਆਲੀਫਾਇਰ ਵਿਚ ਕ੍ਰਮਵਾਰ ਚੌਥੇ ਤੇ 6ਵੇਂ ਸਥਾਨ ’ਤੇ ਰਹੇ। ਏਸ਼ੀਆਈ ਖੇਡਾਂ 2010 ਦੇ ਚਾਂਦੀ ਤਮਗਾ ਜੇਤੂ ਰਾਏ ਨੇ 681 ਅੰਕ ਲੈ ਕੇ ਛੇਵੇਂ ਸਥਾਨ ’ਤੇ ਆਇਆ ਜਦਕਿ ਧੀਰਜ ਬੋਮਮਾਦੇਵਰਾ 11ਵੇਂ ਸਥਾਨ ’ਤੇ ਰਿਹਾ। ਭਾਰਤੀ ਟੀਮ ਦੂਜੇ ਸਥਾਨ ’ਤੇ ਰਹੀ ਤੇ ਹੁਣ ਉਲਟ ਡਰਾਅ ਵਿਚ ਖੇਡੇਗੀ।
ਭਾਰਤੀ ਪੁਰਸ਼ ਟੀਮ ਨੇ ਸ਼ੰਘਾਈ ਵਿਚ ਪਿਛਲੇ ਮਹੀਨੇ ਵਿਸ਼ਵ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਮਹਿਲਾ ਵਿਅਕਤੀਗਤ ਵਰਗ ਵਿਚ ਦੀਪਿਕਾ ਇਕ ਅੰਕ ਨਾਲ ਟਾਪ-3 ਵਿਚ ਰਹਿਣ ਤੋਂ ਖੁੰਝ ਗਈ। ਭਜਨ ਕੌਰ 34ਵੇਂ ਤੇ ਅੰਕਿਤਾ ਭਗਤ 49ਵੇਂ ਸਥਾਨ ’ਤੇ ਰਹੀ। ਮਹਿਲਾ ਟੀਮ 6ਵੇਂ ਸਥਾਨ ’ਤੇ ਰਹੀ। ਰਾਏ ਤੇ ਦੀਪਿਕਾ ਮਿਕਸਡ ਰਿਕਰਵ ਟੀਮ ਵਰਗ ਵਿਚ ਦੱਖਣੀ ਕੋਰੀਆ ਤੋਂ ਬਾਅਦ ਦੂਜੇ ਸਥਾਨ ’ਤੇ ਹੈ।