ਆਰਚਰ ਦੀ ਗਲਤੀ ਨਾਲ ਕਰੋੜਾਂ ਦਾ ਨੁਕਸਾਨ ਹੋ ਸਕਦੈ ਸੀ : ECB
Friday, Jul 17, 2020 - 08:21 PM (IST)
ਮਾਨਚੈਸਟਰ– ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਡਾਇਰੈਕਟਰ ਐਸ਼ਲੇ ਜਾਇਲਸ ਨੇ ਕਿਹਾ ਕਿ ਸਟਾਰ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾ ਕਰਨ ਲਈ ਅਨੁਸ਼ਾਸਨਾਤਮਕ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਸ ਨਾਲ ਬਹੁਤ ਵੱਡੀ ਸਮੱਸਿਆ ਪੈਦਾ ਹੋ ਸਕਦੀ ਸੀ ਤੇ ਈ. ਸੀ. ਬੀ. ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ।
ਆਰਚਰ ਨੂੰ ਟੀਮ ਦੇ ਜੈਵ ਸੁਰੱਖਿਅਤ ਮਾਹੌਲ ਦਾ ਪ੍ਰੋਟੋਕਾਲ ਤੋੜਨ ਲਈ ਵੀਰਵਾਰ ਨੂੰ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੈਚ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਉਸ ਨੂੰ ਪੰਜ ਦਿਨਾਂ ਤਕ ਇਕਾਂਤਵਾਸ ਵਿਚ ਰਹਿਣਾ ਪਵੇਗਾ ਤੇ ਇਸ ਦੌਰਾਨ ਉਸਦੇ ਕੋਵਿਡ-19 ਲਈ ਦੋ ਟੈਸਟ ਹੋਣਗੇ। ਈ. ਸੀ. ਬੀ. ਨੇ ਇਹ ਨਹੀਂ ਦੱਸਿਆ ਕਿ ਉਸ ਨੇ ਕਿਵੇਂ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਪਰ ਰਿਪੋਰਟ ਅਨੁਸਾਰ ਇਹ ਤੇਜ਼ ਗੇਂਦਬਾਜ਼ ਪਹਿਲੇ ਟੈਸਟ ਮੈਚ ਤੋਂ ਬਾਅਦ ਬ੍ਰਾਈਟਨ ਵਿਚ ਆਪਣੇ ਘਰ ਵਿਚ ਚਲਾ ਗਿਆ ਸੀ। ਜਾਇਲਸ ਨੇ ਕਿਹਾ, ''ਹਰ (ਗਲਤ) ਕੰਮ ਲਈ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਮਾਮਲੇ ਵਿਚ ਵੀ (ਅਨੁਸ਼ਾਸਨਾਤਮਕ) ਪ੍ਰਕਿਰਿਆ ਹੋਵੇਗੀ। ਇਸਦਾ ਅਸਰ ਗਰਮੀਆਂ ਦੇ ਪੂਰੇ ਸੈਸ਼ਨ 'ਤੇ ਪੈ ਸਕਦਾ ਸੀ ਤੇ ਸਾਨੂੰ ਕਰੋੜਾਂ ਪੌਂਡਾਂ ਦਾ ਨੁਕਸਾਨ ਹੋ ਸਕਦਾ ਸੀ।'' ਜਾਇਲਸ ਨੇ ਕਿਹਾ,''ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਸਦੇ ਸੰਭਾਵਿਤ ਅਸਰਾਂ ਦੇ ਬਾਰੇ ਵਿਚ ਪਤਾ ਸੀ। ਉਹ ਨੌਜਵਾਨ ਹੈ ਤੇ ਨੌਜਵਾਨ ਗਲਤੀਆਂ ਕਰਦੇ ਹਨ। ਉਸ ਨੂੰ ਇਸ ਤੋਂ ਸਬਕ ਲੈਣ ਦੀ ਲੋੜ ਹੈ।''
ਈ. ਸੀ. ਬੀ. ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਵੈਸਟਇੰਡੀਜ਼ ਤੇ ਪਾਕਿਸਤਾਨ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਆਪਣੇ ਦੇਸ਼ ਦਾ ਦੌਰਾ ਕਰਨ ਲਈ ਮਨਾਇਆ ਸੀ। ਵੈਸਟਇੰਡੀਜ਼ ਵਿਰੁੱਧ 3 ਟੈਸਟ ਮੈਚਾਂ ਦੀ ਲੜੀ ਤੋਂ ਬਾਅਦ ਇੰਗਲੈਂਡ ਪਾਕਿਸਤਾਨ ਵਿਰੁੱਧ ਟੈਸਟ ਤੇ ਟੀ-20 ਲੜੀ ਖੇਡੇਗੀ। ਆਇਰਲੈਂਡ ਤੇ ਆਸਟਰੇਲੀਆ ਨੂੰ ਵੀ ਇਸ ਸੈਸ਼ਨ ਵਿਚ ਇੰਗਲੈਂਡ ਆਉਣਾ ਹੈ। ਬਾਰਬਾਡੋਸ ਵਿਚ ਜਨਮੇ 25 ਸਾਲਾ ਆਰਚਰ ਨੇ ਨਿਯਮ ਤੋੜਨ ਲਈ ਮੁਆਫੀ ਮੰਗੀ ਹੈ।