ਕ੍ਰਿਕਟਰਾਂ ''ਤੇ ਡੋਪਿੰਗ ਦੇ ਸਾਰੇ ਨਿਯਮ ਲਾਗੂ ਕਰਨਾ ਨਾਡਾ ਸਾਹਮਣੇ ਵੱਡੀ ਚੁਣੌਤੀ

08/12/2019 3:10:41 AM

ਲਖਨਊ— ਦੁਨੀਆ ਦੀ ਸਭ ਤੋਂ ਅਮੀਰ ਕ੍ਰਿਕਟ ਸੰਸਥਾ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਆਖਿਰਕਾਰ ਰਾਸ਼ਟਰੀ ਡੋਪਿੰਗ ਰੋਕੂ ਸੰਸਥਾ (ਨਾਡਾ) ਦੇ ਦਾਇਰੇ ਵਿਚ ਆਉਣਾ ਮਨਜ਼ੂਰ ਕਰ ਲਿਆ ਪਰ ਇਸ ਦੇ ਪੂਰੀ ਤਰ੍ਹਾਂ ਪ੍ਰਭਾਵੀ ਹੋਣ ਨੂੰ ਲੈ ਕੇ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿਚ ਕ੍ਰਿਕਟ ਨੂੰ ਧਰਮ ਤੇ ਖਿਡਾਰੀਆਂ ਨੂੰ ਭਗਵਾਨ ਮੰਨਿਆ ਜਾਂਦਾ ਹੈ। ਅਜਿਹੀ ਹਾਲਤ ਵਿਚ ਕੀ ਨਾਡਾ ਕ੍ਰਿਕਟ ਖਿਡਾਰੀਆਂ 'ਤੇ ਆਪਣੇ ਪੂਰੇ ਨਿਯਮਾਂ ਨੂੰ ਲਾਗੂ ਕਰ ਸਕੇਗਾ?
ਰਾਸ਼ਟਰੀ ਜੂਨੀਅਰ ਹਾਕੀ ਟੀਮ ਦੇ ਸਾਬਕਾ ਫਿਜ਼ੀਕਲ ਟ੍ਰੇਨਰ ਤੇ ਸਪੋਰਟਸ ਮੈਡੀਸਨ ਮਾਹਿਰ ਡਾਕਟਰ ਸਰਨਜੀਤ ਸਿੰਘ ਨੇ ਆਪਣੇ ਖਿਡਾਰੀਆਂ ਦੇ ਡੋਪ ਟੈਸਟ ਨਾਡਾ ਤੋਂ ਕਰਾਉਣ ਦੇ ਬੀ. ਸੀ. ਸੀ. ਆਈ. ਦੇ ਫੈਸਲੇ ਦੇ ਪੂਰੀ ਤਰ੍ਹਾਂ ਲਾਗੂ ਹੋਣ 'ਤੇ ਸ਼ੱਕ ਜ਼ਾਹਿਰ ਕਰਦਿਆਂ ਦੱਸਿਆ ਕਿ ਭਾਰਤ ਵਿਚ ਕ੍ਰਿਕਟ ਨੂੰ ਪੂਜਿਆ ਜਾਂਦਾ ਹੈ ਤੇ ਖਿਡਾਰੀਆਂ ਨੂੰ ਭਗਵਾਨ ਦੀ ਤਰ੍ਹਾਂ ਮੰਨਿਆ ਜਾਂਦਾ ਹੈ ਤਾਂ ਕੀ ਇਹ 'ਭਗਵਾਨ' ਉਨ੍ਹਾਂ ਸਾਰੇ ਨਿਯਮਾਂ ਨੂੰ ਮੰਨਣ ਲਈ ਤਿਆਰ ਹੋਣਗੇ? ਕੀ ਉਹ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੇ ਸਾਲ 2004 ਵਿਚ ਬਣਾਏ ਗਏ 'ਠਹਿਰਨ ਦੇ ਸਥਾਨ ਸਬੰਧੀ ਨਿਯਮ' ਨੂੰ ਪੂਰੀ ਤਰ੍ਹਾਂ ਨਾਲ ਮੰਨਣਗੇ, ਜਿਸ ਦੇ ਤਹਿਤ ਉਨ੍ਹਾਂ ਨੂੰ ਹਰ ਇਕ ਘੰਟੇ 'ਤੇ ਖੁਦ ਨਾਲ ਜੁੜੀਆਂ ਸੂਚਨਾਵਾਂ ਨਾਡਾ ਨੂੰ ਦੇਣੀਆਂ ਪੈਣਗੀਆਂ?
ਸਰਨਜੀਤ ਸਿੰਘ ਨੇ ਕਿਹਾ, ''ਜੇਕਰ ਕ੍ਰਿਕਟਰ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਤਿਆਰ ਹੁੰਦੇ ਹਨ ਤੇ ਨਾਡਾ ਪੂਰੀ ਈਮਾਨਦਾਰੀ ਨਾਲ ਕੰਮ ਕਰਦੀ ਹੈ ਤਾਂ ਮੇਰਾ ਮੰਨਣਾ ਹੈ ਕਿ ਪ੍ਰਿਥਵੀ ਸ਼ਾਹ ਦਾ ਮਾਮਲਾ ਸਿਰਫ ਇਤੇਫਾਕ ਨਹੀਂ ਹੈ।'' ਪੰਜਾਬ ਰਣਜੀ ਟੀਮ ਦੇ ਵੀ ਸਰੀਰਕ ਟ੍ਰੇਨਰ ਰਹਿ ਚੁੱਕੇ ਸਿੰਘ ਨੇ ਕਿਹਾ ਕਿ ਜਿਥੋਂ ਤਕ ਬੀ. ਸੀ. ਸੀ. ਆਈ. ਦੀ ਗੱਲ ਹੈ ਤਾਂ ਉਸ ਨੂੰ ਨਾਡਾ ਤੋਂ ਡੋਪ ਟੈਸਟ ਕਰਵਾਉਣ 'ਤੇ ਰਜ਼ਾਮੰਦੀ ਦੇਣ ਵਿਚ ਇੰਨਾ ਸਮਾਂ ਕਿਉਂ ਲੱਗਾ, ਇਹ ਬਹੁਤ ਵੱਡਾ ਸਵਾਲ ਹੈ। ਦੂਜੀ ਗੱਲ ਇਹ ਕਿ ਕੀ ਨਾਡਾ ਬੀ. ਸੀ. ਸੀ. ਆਈ. ਵਰਗੀ ਤਾਕਤਵਰ ਖੇਡ ਸੰਸਥਾ ਦੇ ਮਾਮਲੇ ਵਿਚ ਸਾਰੇ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰ ਸਕੇਗੀ? ਕਈ ਅਜਿਹੀਆਂ ਤਾਕਤਵਰ ਖੇਡ ਸੰਸਥਾਵਾਂ ਹਨ, ਜਿਹੜੀਆਂ ਵਾਡਾ ਦੇ ਸਾਰੇ ਨਿਯਮਾਂ ਨੂੰ ਪੂਰੀ ਤਰ੍ਹਾਂ ਨਹੀਂ ਮੰਨਦੀਆਂ, ਜਿਨ੍ਹਾਂ ਦੀ ਵਜ੍ਹਾ ਨਾਲ ਉਨ੍ਹਾਂ ਦੇ ਖਿਡਾਰੀ ਆਸਾਨੀ ਨਾਲ ਡੋਪ ਟੈਸਟ ਤੋਂ ਬਚ ਜਾਂਦੇ ਹਨ। 
ਇਕ ਸਵਾਲ 'ਤੇ ਕਿ ਕੀ ਨਾਡਾ ਇੰਨੀ ਸਮਰੱਥ ਹੈ ਕਿ ਉਹ ਹਰ ਤਰ੍ਹਾਂ ਦੇ ਡਰੱਗ ਦੇ ਸੇਵਨ ਦੇ ਮਾਮਲਿਆਂ ਨੂੰ ਫੜ ਸਕੇਗਾ, ਸਿੰਘ ਨੇ ਕਿਹਾ, ''ਅਜਿਹਾ ਨਹੀਂ ਹੈ ਕਿਉਂਕਿ ਡੋਪਿੰਗ ਦੇ ਮਾਮਲੇ  ਨੂੰ ਸਮੇਂ ਨਾਲ ਫੜਨ ਵਿਚ ਨਾਡਾ ਤੇ ਵਾਡਾ ਅਕਸਰ ਅਸਫਲ ਰਹੀ ਹੈ। ਇਹੀ ਵਜ੍ਹਾ ਹੈ ਕਿ ਸਾਲ 2012 ਦੀਆਂ ਓਲੰਪਿਕ ਖੇਡਾਂ ਵਿਚ ਪਾਬੰਦੀਸ਼ੁਦਾ ਦਵਾਈਆਂ ਲੈਣ ਵਾਲੇ ਐਥਲੀਟ ਹੁਣ ਫੜੇ ਜਾ ਰਹੇ ਹਨ।''
ਜ਼ਿਕਰਯੋਗ ਹੈ ਕਿ ਸਾਲਾਂ ਤਕ ਪ੍ਰਹੇਜ਼ ਕਰਨ ਤੋਂ ਬਾਅਦ ਆਖਿਰਕਾਰ ਬੀ. ਸੀ. ਸੀ. ਆਈ. ਨੇ ਸ਼ੁੱਕਰਵਾਰ ਨਾਡਾ ਦੇ ਦਾਇਰੇ ਵਿਚ ਆਉਣ 'ਤੇ ਰਜ਼ਾਮੰਦੀ ਦੇ ਦਿੱਤੀ। ਖੇਡ ਸਕੱਤਰ ਰਾਧੇਸ਼ਿਆਮ ਜੁਲਾਨੀਆ ਨੇ ਕਿਹਾ ਕਿ ਨਾਡਾ ਹੁਣ ਸਾਰੇ ਕ੍ਰਿਕਟਰਾਂ ਦਾ ਡੋਪ ਟੈਸਟ ਕਰੇਗੀ। ਇਸ ਤੋਂ ਪਹਿਲਾਂ ਤਕ ਬੀ. ਸੀ. ਸੀ. ਆਈ. ਨਾਡਾ ਦੇ ਦਾਇਰੇ ਵਿਚ ਆਉਣ ਤੋਂ ਇਹ ਕਹਿੰਦਿਆਂ ਇਨਕਾਰ ਕਰਦਾ ਰਿਹਾ ਸੀ ਕਿ ਉਹ ਕੋਈ ਰਾਸ਼ਟਰੀ ਖੇਡ ਮਹਾਸੰਘ ਨਹੀਂ ਸਗੋਂ ਆਜ਼ਾਦ ਇਕਾਈ ਹੈ ਅਤੇ ਉਹ ਸਰਕਾਰ ਤੋਂ ਪੈਸਾ ਨਹੀਂ ਲੈਂਦੀ ਹੈ।
ਹਰ ਖਿਡਾਰੀ ਨੂੰ ਪੂਰੀ ਤਰ੍ਹਾਂ ਜਾਚਣ 'ਤੇ ਹੁੰਦੈ 500 ਡਾਲਰ ਦਾ ਖਰਚਾ 
ਸਰਨਜੀਤ ਸਿੰਘ ਨੇ ਕਿਹਾ, ''ਸਾਲ 1960 ਦੇ ਦਹਾਕੇ ਵਿਚ ਜਦੋਂ ਡੋਪਿੰਗ 'ਤੇ ਪਾਬੰਦੀ ਲਾਈ ਗਈ ਸੀ, ਉਸ ਸਮੇਂ ਸਿਰਫ 5 ਜਾਂ 6 ਕੰਪਾਊਂਡ ਹੋਇਆ ਕਰਦੇ ਸਨ। ਇਸ ਸਾਲ ਜਨਵਰੀ ਵਿਚ ਵਾਡਾ ਨੇ ਪਾਬੰਦੀਸ਼ੁਦਾ ਦਵਾਈਆਂ ਦੀ ਜਿਹੜੀ ਸੂਚੀ ਜਾਰੀ ਕੀਤੀ ਹੈ, ਉਨ੍ਹਾਂ ਵਿਚ ਤਕਰੀਬਨ 350 ਕੰਪਾਊਂਡ ਹਨ। ਉਨ੍ਹਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਜਾਂਚਣ ਦਾ ਖਰਚਾ ਪ੍ਰਤੀ ਖਿਡਾਰੀ 500 ਡਾਲਰ ਹੁੰਦਾ ਹੈ। ਸਵਾਲ ਇਹ ਹੈ ਕਿ ਕੀ ਨਾਡਾ ਹਰ ਖਿਡਾਰੀ ਦੇ ਟੈਸਟ 'ਤੇ 500 ਡਾਲਰ ਖਰਚ ਕਰ ਸਕੇਗਾ?
ਭਾਰਤੀ ਖੇਡ ਅਥਾਰਟੀ ਦੇ ਸਲਾਹਕਾਰ ਰਹਿ ਚੁੱਕੇ ਸਿੰਘ ਨੇ ਇਹ ਵੀ ਕਿਹਾ ਕਿ ਨਾਡਾ ਕੋਲ ਅਜਿਹੀ ਤਕਨੀਕ ਵੀ ਪੂਰੀ ਤਰ੍ਹਾਂ ਨਾਲ ਨਹੀਂ ਹੈ, ਜਿਹੜੀ ਹਰ ਡਰੱਗ ਨੂੰ ਫੜ ਸਕੇ। ਸਾਰੀਆਂ ਨਵੀਆਂ ਤਕਨੀਕਾਂ ਹਨ, ਜਿਨ੍ਹਾਂ ਦੀ ਕੀਮਤ ਅਰਬਾਂ ਰੁਪਿਆਂ ਵਿਚ ਹੈ, ਜਿਹੜੀਆਂ ਨਾਡਾ ਕੋਲ ਉਪਲੱਬਧ ਨਹੀਂ ਹਨ। ਸਿੰਘ ਨੇ ਕਿਹਾ ਕਿ ਡੋਪਿੰਗ ਵਿਚ ਫੜੇ ਗਏ ਖਿਡਾਰੀਆਂ ਦੇ ਮੁਕਾਬਲੇ ਬਹੁਤ ਵੱਡਾ ਫੀਸਦੀ ਅਜਿਹੇ ਖਿਡਾਰੀਆਂ ਦਾ ਹੈ, ਜਿਹੜਾ ਡਰੱਗਜ਼ ਲੈਣ ਦੇ ਬਾਵਜੂਦ ਬਹੁਤ ਹੀ ਆਸਾਨੀ ਨਾਲ ਬਚ ਨਿਕਲਦਾ ਹੈ।
ਨਾਡਾ ਨੂੰ ਕ੍ਰਿਕਟ ਖਿਡਾਰੀਆਂ ਦੇ ਡੋਪ ਟੈਸਟ ਨੂੰ ਲੈ ਕੇ ਉੱਚ ਪੱਧਰੀ ਪੇਸ਼ੇਵਰ ਰੁਖ਼ ਅਪਣਾਉਣਾ ਪਵੇਗਾ : ਚੰਦਰਨ
ਸਪੋਰਟਸ ਮੈਡੀਸਨ ਮਾਹਿਰ ਪੀ. ਐੱਸ. ਐੱਮ. ਚੰਦਰਨ ਦਾ ਵੀ ਕਹਿਣਾ ਹੈ ਕਿ ਨਾਡਾ ਨੂੰ ਕ੍ਰਿਕਟ ਖਿਡਾਰੀਆਂ ਦੇ ਡੋਪ ਟੈਸਟ ਨੂੰ ਲੈ ਕੇ ਉੱਚ ਪੱਧਰੀ ਪੇਸ਼ੇਵਰ ਰੁਖ਼ ਅਪਣਾਉਣਾ ਪਵੇਗਾ। ਚੰਦਰਨ ਨੇ ਕਿਹਾ ਕਿ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਤੇ ਸ਼ਿਖਰ ਧਵਨ ਸਮੇਤ ਪ੍ਰ੍ਰਸਿੱਧ ਖਿਡਾਰੀਆਂ ਦੇ ਨਮੂਨੇ ਲੈਣ ਵਿਚ ਏਜੰਸੀ ਨੂੰ ਕਾਫੀ ਚੌਕਸੀ ਵਰਤਣੀ ਪਵੇਗੀ।


Gurdeep Singh

Content Editor

Related News