ਅੰਜੂ ਬੌਬੀ ਜਾਰਜ ਨੂੰ ਵਿਸ਼ਵ ਅਥਲੈਟਿਕਸ ਵੱਲੋਂ ਮਿਲਿਆ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਦਾ ਪੁਰਸਕਾਰ

12/02/2021 4:28:43 PM

ਮੋਨਾਕੋ (ਭਾਸ਼ਾ) : ਭਾਰਤ ਦੀ ਮਹਾਨ ਅਥਲੀਟ ਅੰਜੂ ਬੌਬੀ ਜਾਰਜ ਨੂੰ ਵਿਸ਼ਵ ਅਥਲੈਟਿਕਸ ਨੇ ਦੇਸ਼ ਵਿਚ ਪ੍ਰਤਿਭਾ ਨੂੰ ਤਰਾਸ਼ਨ ਅਤੇ ਲਿੰਗ ਸਮਾਨਤਾ ਦੀ ਵਕਾਲਤ ਕਰਨ ਲਈ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਦਾ ਪੁਰਸਕਾਰ ਦਿੱਤਾ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਵਾਲੀ ਇਕਮਾਤਰ ਭਾਰਤੀ ਅੰਜੂ (ਪੈਰਿਸ 2003) ਨੂੰ ਬੁੱਧਵਾਰ ਦੀ ਰਾਤ ਸਾਲਾਨਾ ਪੁਰਸਕਾਰਾਂ ਦੌਰਾਨ ਇਸ ਸਨਮਾਨ ਲਈ ਚੁਣਿਆ ਗਿਆ। ਵਿਸ਼ਵ ਅਥਲੈਟਿਕਸ ਨੇ ਇਕ ਬਿਆਨ ਵਿਚ ਕਿਹਾ, ‘ਸਾਬਕਾ ਅੰਤਰਰਾਸ਼ਟਰੀ ਲੰਬੀ ਛਾਲ ਖਿਡਾਰਨ ਭਾਰਤ ਦੀ ਅੰਜੂ ਬੌਬੀ ਅਜੇ ਵੀ ਖੇਡਾ ਨਾਲ ਜੁੜੀ ਹੈ। ਉਨ੍ਹਾਂ ਨੇ 2016 ਵਿਚ ਨੌਜਵਾਨ ਕੁੜੀਆਂ ਲਈ ਸਿਖਲਾਈ ਅਕਾਦਮੀ ਖੋਲੀ, ਜਿਸ ’ਚੋਂ ਵਿਸ਼ਵ ਅੰਡਰ 20 ਤਮਗਾ ਜੇਤੂ ਨਿਕਲੀਆਂ ਹਨ।’ ਇਸ ਵਿਚ ਕਿਹਾ ਗਿਆ, ‘ਭਾਰਤੀ ਅਥਲੈਟਿਕਸ ਫੈਡਰੇਸ਼ਨ ਦੀ ਸੀਨੀਅਰ ਉਪ ਪ੍ਰਧਾਨ ਹੋਣ ਦੇ ਨਾਤੇ ਉਹ ਲਗਤਾਰ ਲਿੰਗ ਸਮਾਨਤਾ ਦੀ ਵਕਾਲਤ ਕਰਦੀ ਆਈ ਹੈ। ਉਹ ਖੇਡ ਵਿਚ ਭਵਿੱਖ ਵਿਚ ਅਗਵਾਈ ਲਈ ਵੀ ਸਕੂਲੀ ਕੁੜੀਆਂ ਦਾ ਮਾਰਗਦਰਸ਼ਨ ਕਰ ਰਹੀ ਹੈ।’

ਇਹ ਵੀ ਪੜ੍ਹੋ : 64ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ : ਅਰਸ਼ਦੀਪ ਕੌਰ ਅਤੇ ਅਰਜੁਨ ਸਿੰਘ ਨੇ ਜਿੱਤੇ ਸੋਨ ਤਮਗੇ

PunjabKesari

ਅੰਜੂ ਨੇ ਕਿਹਾ ਕਿ ਉਹ ਇਹ ਸਨਮਾਨ ਪਾ ਕੇ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਟਵੀਟ ਕੀਤਾ, ‘ਸਵੇਰੇ ਉਠ ਕੇ ਖੇਡ ਲਈ ਕੁੱਝ ਕਰਨ ਤੋਂ ਬਿਹਤਰ ਅਹਿਸਾਸ ਕੁੱਝ ਨਹੀਂ ਹੈ। ਮੇਰੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨ ਲਈ ਧੰਨਵਾਦ।’ ਵਿਸ਼ਵ ਅਥਲੈਟਿਕਸ ਨੇ ਕਿਹਾ ਕਿ ਭਾਰਤ ਵਿਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਹੋਰ ਔਰਤਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੀ ਵਜ੍ਹਾ ਨਾਲ ਉਹ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਰਹੀ। ਅੰਜੂ ਨੇ ਵਿਸ਼ਵ ਅਥਲੈਟਿਕਸ ਵੱਲੋਂ ਟਵਿਟਰ ’ਤੇ ਪਾਈ ਗਈ ਵੀਡੀਓ ਵਿਚ ਕਿਹਾ, ‘ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਇਸ ਸਾਲ ਸਰਵਸ੍ਰੇਸ਼ਠ ਮਹਿਲਾ ਦਾ ਪੁਰਸਕਾਰ ਮੈਨੂੰ ਮਿਲਿਆ ਹੈ। ਇਕ ਖਿਡਾਰੀ ਦੇ ਤੌਰ ’ਤੇ ਸਫ਼ਰ ਮੁਸ਼ਕਲ ਰਿਹਾ ਪਰ ਮੇਰਾ ਮੰਨਣਾ ਹੈ ਕਿ ਮੈਂ ਉਥੇ ਤੱਕ ਪਹੁੰਚ ਸਕੀ, ਜਿਸ ਦੀ ਹੱਕਦਾਰ ਸੀ। ਹੁਣ ਖੇਡ ਨੂੰ ਕੁੱਝ ਦੇਣ ਦੀ ਮੇਰੀ ਵਾਰੀ ਹੈ।’

ਇਹ ਵੀ ਪੜ੍ਹੋ :'ਗੋਲਡਨ ਬੁਆਏ' ਨੀਰਜ ਚੋਪੜਾ ਕਰਨਗੇ ਪ੍ਰਧਾਨ ਮੰਤਰੀ ਦੇ ਮਿਸ਼ਨ ਦੀ ਸ਼ੁਰੂਆਤ

ਉਨ੍ਹਾਂ ਕਿਹਾ, ‘ਭਾਰਤੀ ਅਥਲੈਟਿਕਸ ਫੈਡਰੇਸ਼ਨ ਦੀ ਉਪ ਪ੍ਰਧਾਨ ਹੋਣ ਦੇ ਨਾਤੇ ਅਤੇ ਆਪਣੀ ਅਕਾਦਮੀ ਅੰਜੂ ਬੌਬੀ ਜਾਰਜ ਫਾਊਂਡੇਸ਼ਨ ਤੋਂ ਮੈਂ 13 ਮਹਿਲਾ ਖਿਡਾਰਨਾਂ ਨੂੰ ਸਿਖਲਾਈ ਦੇ ਰਹੀ ਹਾਂ ਜੋ 3 ਸਾਲ ਦੇ ਅੰਦਰ ਵਿਸ਼ਵ ਪੱਧਰ ’ਤੇ ਆਪਣਾ ਸਫ਼ਰ ਸ਼ੁਰੂ ਕਰਨ ਲਈ ਤਿਆਰ ਹਨ।’ ਉਨ੍ਹਾਂ ਕਿਹਾ, ‘ਮੈਂ ਆਪਣੇ ਸਮਰਥਕਾਂ, ਸਾਥੀ ਖਿਡਾਰੀਆਂ, ਕੋਚਾਂ, ਪਰਿਵਾਰ, ਫੈਡਰੇਸ਼ਨ ਅਤੇ ਮੇਰੇ ਸਫ਼ਰ ਵਿਚ ਨਾਲ ਖੜੇ ਰਹੇ ਹਰ ਵਿਅਕਤੀ ਦਾ ਧੰਨਵਾਦ ਕਰਦੀ ਹਾਂ।’ ਕੇਰਲ ਦੀ ਰਹਿਣ ਵਾਲੀ ਅੰਜੂ ਨੇ ਆਈ.ਏ.ਏ.ਐਫ. ਵਿਸ਼ਵ ਚੈਂਪੀਅਨਸ਼ਿਪ ਪੈਰਿਸ ਵਿਚ 2003 ਵਿਚ ਕਾਂਸੀ ਤਮਗਾ ਜਿੱਤਿਆ ਅਤੇ 2005 ਵਿਚ ਮੋਨਾਕੋ ਵਿਚ ਆਈ.ਏ.ਏ.ਐਫ. ਵਿਸ਼ਵ ਅਥਲੈਟਿਕਸ ਫਾਈਨਲਸ ਵਿਚ ਸੋਨ ਤਮਗਾ ਜੇਤੂ ਰਹੀ। ਉਹ 2004 ਏਥਨਜ਼ ਓਲੰਪਿਕ ਵਿਚ 6ਵੇਂ ਸਥਾਨ ’ਤੇ ਰਹੀ ਸੀ ਪਰ ਅਮਰੀਕਾ ਦੀ ਮਰਿਓਨ ਜੋਂਸ ਨੂੰ ਡੋਪਿੰਗ ਮਾਮਲੇ ਕਾਰਨ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਹ 5ਵੇਂ ਸਥਾਨ ’ਤੇ ਆ ਗਈ। ਓਲੰਪਿਕ ਚੈਂਪੀਅਨ ਜਮੈਕਾ ਦੀ ਅਲੇਨ ਥਾਂਮਸਨ ਹੇਰਾਹ ਅਤੇ ਨਾਰਵੇ ਦੀ ਕਰਸਟਨ ਵਾਰਹੋਮ ਨੂੰ ਸਾਲ ਦਾ ਸਰਵਸ੍ਰੇਸ਼ਠ ਅਥਲੀਟ ਚੁਣਿਆ ਗਿਆ।

ਇਹ ਵੀ ਪੜ੍ਹੋ :  ICC ਟੈਸਟ ਖਿਡਾਰੀਆਂ ਦੀ ਰੈਂਕਿੰਗ ’ਚ ਰੋਹਿਤ, ਕੋਹਲੀ, ਅਸ਼ਵਿਨ ਆਪਣੇ ਸਥਾਨ ’ਤੇ ਬਰਕਰਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News