PSL 2021 : ਪਾਕਿ ਗੇਂਦਬਾਜ਼ ਨੇ ਆਂਦਰੇ ਰਸਲ ਨੂੰ ਕੀਤਾ ਜ਼ਖ਼ਮੀ, ਸਟ੍ਰੈਚਰ ’ਤੇ ਲਿਜਾਣਾ ਪਿਆ ਹਸਪਤਾਲ (ਦੇਖੋ ਵੀਡੀਓ)
Saturday, Jun 12, 2021 - 05:18 PM (IST)
ਸਪੋਰਟਸ ਡੈਸਕ— ਆਂਦਰੇ ਰਸਲ ਟੀ-20 ਦੇ ਸਭ ਤੋਂ ਹਮਲਾਵਰ ਬੱਲੇਬਾਜ਼ਾਂ ’ਚੋਂ ਇਕ ਹਨ। ਉਹ ਆਪਣੇ ਵੱਡੇ-ਵੱਡੇ ਸ਼ਾਟਸ ਲਈ ਜਾਣੇ ਜਾਂਦੇ ਹਨ ਪਰ ਉਹ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਇਕ ਮੁਕਾਬਲੇ ਦੇ ਦੌਰਾਨ ਪਾਕਿ ਗੇਂਦਬਾਜ਼ ਦੀ ਬਾਊਂਸਰ ਨਾਲ ਜ਼ਖ਼ਮੀ ਹੋ ਗਏ। ਇੰਨਾ ਹੀ ਨਹੀਂ ਉਨ੍ਹਾਂ ਨੂੰ ਸਟ੍ਰੈਚਰ ’ਤੇ ਚੁੱਕ ਕੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਸ਼ੁੱਕਰਵਾਰ ਨੂੰ ਹੋਏ ਕਵੇਟਾ ਗਲੈਡੀਏਟਰਸ ਤੇ ਇਸਲਾਮਾਬਾਦ ਯੂਨਾਈਟਿਡ ਮੁਕਾਬਲੇ ’ਚ ਰਸਲ ਨੂੰ ਇਹ ਸੱਟ ਲੱਗੀ। ਪੀ. ਐੱਸ. ਐੱਲ. ਦੇ ਦੂਜੇ ਪੜਾਅ ਦੇ ਮੁਕਾਬਲੇ ਯੂ. ਏ. ਈ. ’ਚ ਹੋ ਰਹੇ ਹਨ।
ਇਹ ਵੀ ਪੜ੍ਹੋ : IND vs SL: ਜਦੋਂ ਲੋਕਾਂ ਨੇ ਇਸ ਸਟਾਰ ਕ੍ਰਿਕਟਰ ਨਾਲ ਸੜਕ ’ਤੇ ਕੀਤੀ ਸੀ ਕੁੱਟਮਾਰ, ਹੁਣ ਵਨ-ਡੇ ’ਚ ਡੈਬਿਊ ਨੂੰ ਤਿਆਰ
ਟੀ-20 ਲੀਗ ’ਚ ਇਹ ਘਟਨਾ ਗਲੈਡੀਏਟਰਸ ਦੀ ਪਾਰੀ ਦੇ 14ਵੇਂ ਓਵਰ ’ਚ ਹੋਈ ਜਦੋਂ ਆਂਦਰੇ ਰਸਲ ਨੂੰ ਇਸਲਾਮਾਬਾਦ ਯੂਨਾਈਟਿਡ ਦੇ ਤੇਜ਼ ਗੇਂਦਬਾਜ਼ ਮੁਹੰਮਦ ਮੂਸਾ ਦੀ ਬਾਊਂਸਰ ਹੈਲਮੇਟ ’ਤੇ ਲੱਗੀ। ਸ਼ਾਰਟ ਗੇਂਦ ਨੇ ਰਸਲ ਨੂੰ ਹੈਰਾਨ ਕਰ ਦਿੱਤਾ। ਰਸਲ ਨੇ ਮੂਸਾ ਨੂੰ ਪਿਛਲੀਆਂ ਦੋ ਗੇਂਦਾਂ ’ਤੇ ਦੋ ਛੱਕੇ ਜੜੇ ਸਨ। ਸੱਟ ਲੱਗਣ ਦੇ ਬਾਅਦ ਰਸਲ ਨੇ ਬੱਲੇਬਾਜ਼ੀ ਸ਼ੁਰੂ ਕਰਨ ਤੋਂ ਪਹਿਲਾਂ ਮੈਡੀਕਲ ਟੀਮ ਤੋਂ ਆਪਣਾ ਚੈੱਕਅੱਪ ਕਰਵਾਇਆ। ਪਰ ਬਦਕਿਸਮਤੀ ਨਾਲ ਰਸਲ ਜ਼ਿਆਦਾ ਦੇਰ ਬੱਲੇਬਾਜ਼ੀ ਨਾ ਕਰ ਸਕੇ। ਉਹ ਅਗਲੀ ਹੀ ਗੇਂਦ ’ਤੇ ਆਊਟ ਹੋ ਗਏ। ਇਸ ਤੋਂ ਬਾਅਦ ਇਸਲਾਮਾਬਾਦ ਦੀ ਪਾਰੀ ਦੇ ਪਹਿਲੇ ਓਵਰ ’ਚ ਆਂਦਰੇ ਨੂੰ ਸਟ੍ਰੈਚਰ ’ਤੇ ਹਸਪਤਾਲ ਲਿਜਾਇਆ ਗਿਆ।
One must always witness a Dre Russ show. This time cut short by @iMusaKhan 🪄 #MatchDikhao l #HBLPSL6 l #QGvIU pic.twitter.com/pemprmMbCj
— PakistanSuperLeague (@thePSLt20) June 11, 2021
ਮੁਨਰੋ ਦੀ ਪਾਰੀ ਨਾਲ ਮਿਲੀ ਹਾਰ
ਆਂਦਰੇ ਰਸਲ ਦੀ ਟੀਮ ਨੂੰ ਮੈਚ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਟੀਮ ਨੇ 133 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਦੀ ਸਿਰਫ਼ 36 ਗੇਂਦ ’ਤੇ 90 ਦੌੜਾਂ ਦੀ ਪਾਰੀ ਦੀ ਮਦਦ ਨਾਲ ਇਸਲਾਮਾਬਾਦ ਯੂਨਾਈਟਿਡ ਨੇ ਪਾਕਿਸਤਾਨ ਸੁਪਰ ਲੀਗ ’ਚ ਕਵੇਟਾ ਗਲੈਡੀਏਟਰਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਮੁਨਰੋ ਨੇ ਆਪਣੀ ਪਾਰੀ ਦੇ ਦੌਰਾਨ 12 ਚੌਕੇ ਤੇ ਪੰਜ ਛੱਕੇ ਲਾਏ। ਉਨ੍ਹਾਂ ਨੂੰ ਇਸਲਾਮਾਬਾਦ ’ਚ ਜੰਮੇ ਆਸਟਰੇਲੀਆਈ ਉਸਮਾਨ ਖਵਾਜਾ ਦਾ ਚੰਗਾ ਸਾਥ ਮਿਲਿਆ ਜਿਨ੍ਹਾਂ ਨੇ ਅਜੇਤੂ 41 ਦੌੜਾਂ ਬਣਾਈਆਂ। ਕਵੇਟਾ ਗਲੈਡੀਏਟਰਸ ਦੀ ਟੀਮ 133 ਦੌੜਾਂ ’ਤੇ ਸਿਮਟ ਗਈ ਸੀ। ਇਸਲਾਮਾਬਾਦ ਯੂਨਾਈਟਿਡ ਨੇ ਇਸ ਟੀਚੇ ਦਾ ਪਿੱਛਾ ਕਰਦੇ ਹੋਏ ਇਨ੍ਹਾਂ ਦੋਹਾਂ ਬੱਲੇਬਾਜ਼ਾਂ ਦੀ ਮਦਦ ਨਾਲ ਸਿਰਫ 10 ਓਵਰ ’ਚ 137 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।