ਆਨੰਦ ਨੇ ਚੀਨ ਦੇ ਡਿੰਗ ਲੀਰੇਨ ਨੂੰ ਹਰਾਇਆ

06/09/2019 8:33:39 PM

ਸਟਾਵਾਂਗਰ (ਨਾਰਵੇ) (ਨਿਕਲੇਸ਼ ਜੈਨ)— ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਨਾਰਵੇ ਸ਼ਤਰੰਜ-2019 ਦੇ ਚੌਥੇ ਰਾਊਂਡ 'ਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜੀ ਜਿੱਤ ਨਾਲ ਆਪਣੀ ਸਥਿਤੀ ਨੂੰ ਸੁਧਾਰਿਆ। ਪਿਛਲੇ ਰਾਊਂਡ 'ਚ ਉਸ ਨੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੂੰ ਹਰਾਇਆ ਸੀ ਅਤੇ ਇਸ ਰਾਊਂਡ 'ਚ ਉਸ ਨੇ ਵਿਸ਼ਵ ਦੇ ਨੰਬਰ-3 ਚੀਨ ਦੇ ਡਿੰਗ ਲੀਰੇਨ ਨੂੰ ਹਰਾਉਂਦਿਆਂ ਦੂਜੇ ਰਾਊਂਡ 'ਚ ਮਮੇਘਾਰੋਵ ਤੋਂ ਮਿਲੀ ਹਾਰ ਨੂੰ ਪਿੱਛੇ ਛੱਡਦੇ ਹੋਏ ਆਪਣੀ ਲੈਅ ਦੁਬਾਰਾ ਹਾਸਲ ਕਰ ਲਈ। 
ਇਕ ਵਾਰ ਫਿਰ ਆਨੰਦ ਨੇ ਕਲਾਸੀਕਲ ਮੁਕਾਬਲਾ ਡਰਾਅ ਖੇਡਿਆ ਅਤੇ ਟਾਈਬ੍ਰੇਕ 'ਚ ਜਿੱਤ ਦਰਜ ਕਰਦੇ ਹੋਏ 1.5-0.5 ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਸਭ ਤੋਂ ਪਹਿਲਾਂ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਕਲਾਸੀਕਲ ਮੁਕਾਬਲੇ 'ਚ ਇਟਾਲੀਅਨ ਓਪਨਿੰਗ 'ਚ ਆਨੰਦ ਇਕ ਸਮੇਂ ਡਿੰਗ ਦੀ ਇਕ ਚਾਲ ਤੋਂ ਹੈਰਾਨ ਰਹਿ ਗਿਆ, ਜਦੋਂ ਡਿੰਗ ਨੇ ਆਪਣਾ ਇਕ ਊਠ ਕੁਰਬਾਨ ਕਰਦੇ ਹੋਏ ਆਨੰਦ ਦੇ 3 ਪਿਆਦੇ ਮਾਰ ਲਏ ਪਰ ਆਨੰਦ ਨੇ ਆਪਣੇ ਤਜਰਬੇ ਨਾਲ ਮੈਚ 'ਚ ਸ਼ਾਨਦਾਰ ਰੱਖਿਆਤਮਕ ਸ਼ਤਰੰਜ ਖੇਡ ਕੇ 102 ਚਾਲਾਂ ਵਿਚ ਹੋਇਆ ਮੁਕਾਬਲਾ ਡਰਾਅ ਕਰਵਾ ਲਿਆ। ਇਸ ਤੋਂ ਬਾਅਦ ਟਾਈਬ੍ਰੇਕ 'ਚ ਆਨੰਦ ਨੇ ਇਕ ਵਾਰ ਫਿਰ ਇਟਾਲੀਅਨ ਓਪਨਿੰਗ ਦਾ ਸਹਾਰਾ ਲਿਆ। ਇਸ ਵਾਰ ਉਸ ਨੇ ਆਪਣੇ ਊਠ ਦੇ ਬਲੀਦਾਨ ਨਾਲ ਡਿੰਗ ਦੇ ਰਾਜੇ 'ਤੇ ਹਮਲਾ ਕਰ ਕੇ ਸਿਰਫ 27 ਚਾਲਾਂ 'ਚ ਜਿੱਤ ਦਰਜ ਕਰ ਲਈ।


Gurdeep Singh

Content Editor

Related News