ਲੀਜੈਂਡਸ ਸ਼ਤਰੰਜ ਟੂਰਨਾਮੈਂਟ ''ਚ ਆਨੰਦ ਦੀ 7ਵੀਂ ਹਾਰ
Thursday, Jul 30, 2020 - 02:29 AM (IST)
ਚੇਨਈ (ਭਾਸ਼ਾ)– ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ 15000 ਡਾਲਰ ਇਨਾਮੀ ਲੀਜੈਂਡਸ ਆਫ ਚੈੱਸ ਆਨਲਾਈਨ ਟੂਰਨਾਮੈਂਟ ਦੇ 8ਵੇਂ ਦੌਰ 'ਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਡਿੰਗ ਲੀਰੇਨ ਵਿਰੁੱਧ 0.5-2.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਟੂਰਨਾਮੈਂਟ 'ਚ ਆਨੰਦ ਦੀ 7ਵੀਂ ਹਾਰ ਹੈ। ਪਿਛਲੇ ਮੁਕਾਬਲੇ 'ਚ ਲਗਾਤਾਰ 6 ਹਾਰਾਂ ਦੇ ਕ੍ਰਮ ਨੂੰ ਤੋੜਣ ਵਾਲੇ ਆਨੰਦ ਨੇ ਮੰਗਲਵਾਰ ਦੇਰ ਰਾਤ ਚੀਨ ਦੇ ਖਿਡਾਰੀ ਵਿਰੁੱਧ ਪਹਿਲੀ ਬਾਜ਼ੀ ਸਿਰਫ 22 ਚਾਲਾਂ 'ਚ ਗੁਆ ਦਿੱਤੀ। ਦੂਜੀ ਬਾਜ਼ੀ 47 ਚਾਲਾਂ ਤੋਂ ਬਾਅਦ ਡਰਾਅ ਰਹੀ, ਜਿਸ ਤੋਂ ਬਾਅਦ ਲੀਰੇਨ ਨੇ ਤੀਜੀ ਬਾਜ਼ੀ 'ਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 41 ਚਾਲਾਂ 'ਚ ਜਿੱਤ ਦਰਜ ਕੀਤੀ। ਆਨੰਦ ਅੰਕ ਸੂਚੀ 'ਚ 6 ਅੰਕਾਂ ਨਾਲ ਲੀਰੇਨ ਤੇ ਪੀਟਰ ਲੇਕੋ ਦੇ ਨਾਲ ਆਖਰੀ ਸਥਾਨ 'ਤੇ ਹੈ। 50 ਸਾਲਾ ਆਨੰਦ 9ਵੇਂ ਤੇ ਆਖਰੀ ਦੌਰ 'ਚ ਵੈਸਿਲ ਇਵਾਨਚੁਕ ਵਿਰੁੱਧ ਖੇਡੇਗਾ। ਇਸ ਟੂਰਨਾਮੈਂਟ 'ਚ ਦੁਨੀਆ ਦਾ ਨੰਬਰ ਇਕ ਖਿਡਾਰੀ ਨਾਰਵੇ ਦਾ ਮੈਗਨਸ ਕਾਰਲਸਨ 22 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਉਨ੍ਹਾਂ ਤੋਂ ਬਾਅਦ ਨੇਪੋਮਨਿਆਚੀ (19) ਅਤੇ ਅਨੀਸ਼ ਗਿਰੀ (15) ਦਾ ਨੰਬਰ ਆਉਂਦਾ ਹੈ।