ਵਿਰਾਟ ਬ੍ਰਿਗੇਡ ਨੂੰ ਹਰਾਉਣ ਲਈ ਦੱਖਣੀ ਅਫਰੀਕਾ ਦੀ ਮਦਦ ਕਰੇਗਾ ਇਹ ਸਾਬਕਾ ਭਾਰਤੀ ਕ੍ਰਿਕਟਰ
Monday, Sep 09, 2019 - 05:34 PM (IST)

ਨਵੀਂ ਦਿੱਲੀ : ਮੁੰਬਈ ਦੇ ਸਾਬਕਾ ਧਾਕੜ ਬੱਲੇਬਾਜ਼ ਅਮੋਲ ਮਜੂਮਦਾਰ ਨੂੰ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ 2 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਫਰਸਟ ਕਲਾਸ ਮੈਚੰ ਵਿਚ 44 ਸਾਲਾ ਇਸ ਸਾਬਕਾ ਖਿਡਾਰੀ ਦੇ ਨਾਂ 48.13 ਦੀ ਔਸਤ ਨਾਲ 11167 ਦੌੜਾਂ ਹਨ। ਉਸ ਨੂੰ ਹਾਲਾਂਕਿ ਭਾਰਤ ਲਈ ਕਦੇ ਖੇਡਣ ਦਾ ਮੌਕਾ ਨਹੀਂ ਮਿਲਿਆ। ਮਜੂਮਦਾਰ ਨੇ ਵੀ ਆਪਣੀ ਨਿਯੁਕਤੀ ਦੀ ਪੁਸ਼ਟੀ ਕਰਦਿਆਂ ਕਿਹਾ, ''ਇਸ ਦੇ ਲਈ ਪਿਛਲੇ ਹਫਤੇ ਮੇਰੇ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਮੈਂ ਚੁਣੌਤੀ ਸਵਿਕਾਰ ਕਰ ਲਈ ਹੈ। ਕੌਮਾਂਤਰੀ ਟੀਮ ਦੇ ਨਾਲ ਜੁੜਨਾ ਸਨਮਾਨ ਦੀ ਗੱਲ ਹੈ।''
ਮਜੂਮਦਾਰ ਨੇ ਘਰੇਲੂ ਮੁਕਾਬਲਿਆਂ ਵਿਚ ਮੁੰਬਈ ਤੋਂ ਇਲਾਵਾ ਅਸਮ ਦੀ ਵੀ ਅਗਵਾਈ ਕੀਤੀ ਹੈ। ਲਿਸਟ ਏ ਕ੍ਰਿਕਟ ਵਿਚ 3286 ਦੌੜਾਂ ਬਣਾਉਣ ਵਾਲਾ ਇਹ ਖਾਡਰੀ ਆਈ. ਪੀ. ਐੱਲ. ਫ੍ਰੈਂਚਾਈਜ਼ੀ ਰਾਜਸਥਾਨ ਰਾਇਲਜ਼ ਦਾ ਬੱਲੇਬਾਜ਼ੀ ਕੋਚ ਵੀ ਰਹਿ ਚੁੱਕਾ ਹੈ। ਮਜੂਮਦਾਰ ਲਈ ਇਹ ਕਾਫੀ ਮੁਸ਼ਕਿਲ ਚੁਣੌਤੀ ਹੋਵੇਗੀ ਕਿਉਂਕਿ ਭਾਰਤ ਦੇ ਪਿਛਲੇ ਦੌਰੇ (2015) 'ਤੇ ਟੀ-20 ਕੌਮਾਂਤਰੀ ਅਤੇ ਵਨ ਡੇ ਸੀਰੀਜ਼ ਵਿਚ ਜਿੱਤ ਦਰਜ ਕਰਨ ਵਾਲੀ ਦੱਖਣੀ ਅਫਰੀਕਾ ਦੀ ਟੀਮ 4 ਮੈਚਾਂ ਦੀ ਟੈਸਟ ਸੀਰੀਜ਼ 0-3 ਨਾਲ ਹਾਰ ਗਈ ਸੀ। ਟੈਸਟ ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ ਵਿਚ ਖੇਡਿਆ ਜਾਵੇਗਾ ਜਦਕਿ ਦੂਜਾ ਅਤੇ ਤੀਜਾ ਮੈਚ 10 ਅਤੇ 19 ਅਕਤੂਬਰ ਨੂੰ ਖੇਡਿਆ ਜਾਵੇਗਾ।