ਮਹਿਲਾ ਫੁੱਟਬਾਲ ਵਿਸ਼ਵ ਕੱਪ ਜਿੱਤਣ ''ਤੇ ਅਮਰੀਕਾ ''ਚ ਜਸ਼ਨ
Monday, Jul 08, 2019 - 01:00 PM (IST)

ਵਾਸ਼ਿੰਗਟਨ— ਵਿਸ਼ਵ ਕੱਪ ਫੁੱਟਬਾਲ 'ਚ ਅਮਰੀਕੀ ਮਹਿਲਾ ਟੀਮ ਦੀ ਜਿੱਤ ਦੇ ਜਸ਼ਨ 'ਚ ਰਾਜਨੇਤਾ, ਖਿਡਾਰੀ ਅਤੇ ਵੱਖੋ-ਵੱਖ ਤਬਕਿਆਂ ਦੇ ਲੋਕ ਸ਼ਾਮਲ ਹੋਏ ਜਦਕਿ ਨਿਊਯਾਰਕ ਦੇ ਮੇਅਰ ਨੇ ਜੇਤੂ ਟੀਮ ਲਈ ਪਰੇਡ ਦਾ ਐਲਾਨ ਕੀਤਾ। ਅਮਰੀਕਾ ਨੇ ਫਰਾਂਸ ਦੇ ਲਿਓਨ 'ਚ ਨੀਦਰਲੈਂਡ ਨੂੰ 2-0 ਨਾਲ ਹਰਾ ਕੇ ਖਿਤਾਬ ਜਿੱਤਿਆ। ਇਹ ਉਸ ਦੀ ਲਗਾਤਾਰ ਦੂਜੀ ਅਤੇ ਰਿਕਾਰਡ ਚੌਥੀ ਜਿੱਤ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਜਰਸੀ 'ਚ ਕਿਹਾ, ''ਮੈਂ ਮਹਿਲਾ ਫੁੱਟਬਾਲ ਟੀਮ ਨੂੰ ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੰਦਾ ਹਾਂ। ਇਹ ਸ਼ਾਨਦਾਰ ਉਪਲਬਧੀ ਹੈ।'' ਨਿਊਯਾਰਕ ਦੇ ਮੇਅਰ ਬਿਲ ਡੇ ਨੇ ਕਿਹਾ, ''ਅਮਰੀਕੀ ਟੀਮ ਦਾ ਆਤਮਵਿਸ਼ਵਾਸ ਅਤੇ ਦ੍ਰਿੜ੍ਹਤਾ ਸਾਰਿਆਂ ਲਈ ਪ੍ਰੇਰਣਾ ਦੇ ਸੋਮਾ ਹੈ। ਉਨ੍ਹਾਂ ਦਾ ਸਵਾਗਤ ਪਰੇਡ ਨਾਲ ਕੀਤਾ ਜਾਵੇਗਾ।'' ਸ਼ਿਕਾਗੋ 'ਚ ਕਰੀਬ 9000 ਲੋਕਾਂ ਨੇ ਅਮਰੀਕੀ ਝੰਡੇ ਦੇ ਲਾਲ, ਚਿੱਟੇ ਅਤੇ ਨੀਲੇ ਰੰਗ ਪਹਿਨ ਕੇ ਫਾਈਨਲ ਮੈਚ ਦੇਖਿਆ। ਅਮਰੀਕੀ ਮੀਡੀਆ ਨੇ ਵੀ ਟੀਮ ਦੀ ਇਸ ਪ੍ਰਾਪਤੀ ਨੂੰ ਵੱਧ-ਚੜ੍ਹ ਕੇ ਛਾਪਿਆ।