ਅਮਰੀਕਾ ਨੇ ਬੰਗਲਾਦੇਸ਼ ’ਤੇ ਟੀ-20 ਲੜੀ ’ਚ ਇਤਿਹਾਸਕ ਜਿੱਤ ਦਰਜ ਕੀਤੀ
Saturday, May 25, 2024 - 11:07 AM (IST)

ਹਿਊਸਟਨ– ਪਾਕਿਸਤਾਨੀ ਮੂਲ ਦੇ ਤੇਜ਼ ਗੇਂਦਬਾਜ਼ ਅਲੀ ਖਾਨ ਦੇ ਆਖਰੀ ਦੋ ਓਵਰਾਂ ਵਿਚ 3 ਵਿਕਟਾਂ ਦੀ ਮਦਦ ਨਾਲ ਅਮਰੀਕਾ ਨੇ ਦੂਜੇ ਟੀ-20 ਕੌਮਾਂਤਰੀ ਮੈਚ ਵਿਚ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾ ਕੇ ਆਈ. ਸੀ. ਸੀ. ਦੇ ਫੁੱਲਟਾਈਮ ਮੈਂਬਰ ਦੇਸ਼ ਵਿਰੁੱਧ ਲੜੀ ਵਿਚ ਇਤਿਹਾਸਕ ਜਿੱਤ ਦਰਜ ਕੀਤੀ। ਪਹਿਲੇ ਟੀ-20 ਵਿਚ 5 ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਅਮਰੀਕਾ ਟੀਮ ਨੇ ਦੂਜਾ ਮੈਚ ਵੀ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਵਿਚ 3-0 ਨਾਲ ਅਜੇਤੂ ਬੜ੍ਹਤ ਬਣਾ ਲਈ। ਇਹ ਲੜੀ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਅਹਿਮ ਹੈ। ਖਾਨ ਨੇ ਆਖਰੀ 2 ਓਵਰਾਂ ਵਿਚ ਤਿੰਨ ਵਿਕਟਾਂ ਲੈ ਕੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਅਮਰੀਕੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਸਟੀਵਨ ਟੇਲਰ ਨੇ 28 ਗੇਂਦਾਂ ਵਿਚ 31 ਤੇ ਕਪਤਾਨ ਮੋਨਾਂਕ ਪਟੇਲ ਨੇ 38 ਗੇਂਦਾਂ ਵਿਚ 42 ਦੌੜਾਂ ਬਣਾਈਆਂ। ਅਮਰੀਕਾ ਨੇ 6 ਵਿਕਟਾਂ ’ਤੇ 144 ਦੌੜਾਂ ਦਾ ਸਕੋਰ ਬਣਾਇਆ।
ਜਵਾਬ ਵਿਚ ਬੰਗਲਾਦੇਸ਼ ਦੀ ਟੀਮ 19.3 ਓਵਰਾਂ ਵਿਚ 138 ਦੌੜਾਂ ’ਤੇ ਆਊਟ ਹੋ ਗਈ। ਪਾਰੀ ਦੀ ਚੌਥੇ ਗੇਂਦ ’ਤੇ ਸੌਰਭ ਨੇਤ੍ਰਵਲਕਰ ਨੇ ਸੌਮਿਆ ਸਰਕਾਰ ਨੂੰ ਆਊਟ ਕੀਤਾ। ਨੇਤ੍ਰਵਲਕਰ ਨੇ ਤਿੰਨ ਓਵਰਾਂ ਵਿਚ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਬੰਗਲਾਦੇਸ਼ ਨੇ 9 ਓਵਰ ਬਾਕੀ ਰਹਿੰਦਿਆਂ 3 ਵਿਕਟਾਂ ’ਤੇ 78 ਦੌੜਾਂ ਬਣਾ ਲਈਆਂ ਸਨ ਪਰ ਇਸ ਤੋਂ ਬਾਅਦ ਖਾਨ ਨੇ ਬਿਹਤਰੀਨ ਗੇਂਦਬਾਜ਼ੀ ਕਰਕੇ ਅਮਰੀਕਾ ਨੂੰ ਜਿੱਤ ਦਿਵਾ ਦਿੱਤੀ।