ਵੈਸਟਇੰਡੀਜ਼ ਟੀਮ ''ਚ ਸਾਰੇ ਨੈਗੇਟਿਵ, ਕਵੀਂਸਟਾਊਨ ''ਚ ਖੇਡੇਗੀ ਅਭਿਆਸ ਮੈਚ

11/13/2020 7:50:02 PM

ਕ੍ਰਾਈਸਟਚਰਚ– ਵੈਸਟਇੰਡੀਜ਼ ਦੀ ਪੂਰੀ ਕ੍ਰਿਕਟ ਟੀਮ ਦਾ ਕੋਵਿਡ-19 ਲਈ ਲਿਆ ਗਿਆ ਤੀਜਾ ਤੇ ਆਖਰੀ ਟੈਸਟ ਨੈਗੇਟਿਵ ਆਇਆ ਹੈ ਤੇ ਹੁਣ ਟੀਮ ਨਿਊਜ਼ੀਲੈਂਡ-ਏ ਵਿਰੁੱਧ ਪਹਿਲੇ ਅਭਿਆਸ ਮੈਚ ਲਈ ਕਵੀਂਸਨਲੈਂਡ ਰਵਾਨਾ ਹੋਵੇਗੀ। ਕੈਰੇਬੀਆਈ ਟੀਮ ਟੀ-20 ਕੌਮਾਂਤਰੀ ਤੇ ਟੈਸਟ ਲੜੀ ਲਈ 30 ਅਕਤੂਬਰ ਨੂੰ ਇੱਥੇ ਪਹੁੰਚਣ ਤੋਂ ਬਾਅਦ ਤੋਂ ਹੀ ਇਕਾਂਤਵਾਸ ਵਿਚ ਸੀ। ਪਹਿਲੇ ਦੌਰ ਦੇ ਟੈਸਟਾਂ ਵਿਚ ਵੀ ਸਾਰੇ ਖਿਡਾਰੀ ਨੈਗੇਟਿਵ ਆਏ ਸਨ।
ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਬਿਆਨ ਵਿਚ ਕਿਹਾ,''ਖਿਡਾਰੀ, ਪ੍ਰਬੰਧਨ ਤੇ ਸਹਿਯੋਗੀ ਸਟਾਫ ਦੇ ਮੈਂਬਰ ਹੁਣ ਇਕਾਂਤਵਾਸ ਵਿਚੋਂ ਨਿਕਲ ਕੇ ਦੱਖਣੀ ਸ਼ਹਿਰ ਕਵੀਂਸਟਾਊਨ ਜਾਣਗੇ, ਜਿੱਥੇ ਉਨ੍ਹਾਂ ਨੂੰ ਨਿਊਜ਼ੀਲੈਂਡ-ਏ ਵਿਰੁੱਧ 3 ਦਿਨਾ ਤੇ 4 ਦਿਨਾ ਅਭਿਆਸ ਮੈਚ ਖੇਡਣੇ ਹਨ।'' ਲੜੀ ਦੀ ਸ਼ੁਰੂਆਤ ਆਕਲੈਂਡ ਵਿਚ 27 ਨਵੰਬਰ ਨੂੰ ਟੀ-20 ਮੈਚ ਨਾਲ ਹੋਵੇਗੀ। ਦੂਜਾ ਤੇ ਤੀਜਾ ਟੀ-20 ਮੈਚ 20 ਤੇ 30 ਨਵੰਬਰ ਨੂੰ ਮਾਊਂਟ ਮੌਨਗੂਨਈ ਵਿਚ ਖੇਡਿਆ ਜਾਵੇਗਾ।

PunjabKesari
ਇਸ ਤੋਂ ਬਾਅਦ ਹੈਮਿਲਟਨ (3 ਤੋਂ 7 ਦਸੰਬਰ ) ਤੇ ਵੇਲਿੰਗਟਨ (11 ਤੋਂ 15 ਦਸੰਬਰ) ਵਿਚ ਦੋ ਟੈਸਟ ਮੈਚ ਖੇਡੇ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਵੈਸਟਇੰਡੀਜ਼ ਦੀ ਟੀਮ ਨੂੰ ਇਕਾਂਤਵਾਸ ਦੌਰਾਨ ਅਭਿਆਸ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ 14 ਦਿਨ ਦੇ ਇਕਤਾਂਵਾਸ ਦੌਰਾਨ ਖਿਡਾਰੀਆਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਤੇ ਇਸ ਲਈ ਇਸ ਨੂੰ ਵਾਪਸ ਲੈ ਲਿਆ ਗਿਆ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਦਿਸਿਆ ਹੈ ਕਿ ਖਿਡਾਰੀ ਕ੍ਰਾਈਸਟਚਰਚ ਵਿਚ ਟੀਮ ਹੋਟਲ ਦੇ ਹਾਲ ਵਿਚ ਆਪਸ ਵਿਚ ਮਿਲ ਰਹੇ ਹਨ ਤੇ ਭੋਜਨ ਸਾਂਝਾ ਕਰ ਰਹੇ ਹਨ, ਜਿਹੜਾ ਇਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਹੈ।

PunjabKesari
ਵੈਸਟਇੰਡੀਜ਼ ਦੇ 7 ਖਿਡਾਰੀ ਟੀ-20 ਕਪਤਾਨ ਕੀਰੋਨ ਪੋਲਾਰਡ, ਟੈਸਟ ਕਪਤਾਨ ਜੈਸਨ ਹੋਲਡਰ, ਫੈਬੀਅਨ ਐਲਨ, ਸ਼ਿਮਰੋਨ ਹੈੱਟਮਾਇਰ, ਕੀਮੋ ਪੌਲ, ਨਿਕੋਲਸ ਪੂਰਣ ਤੇ ਥਾਮਸ 10 ਨਵੰਬਰ ਨੂੰ ਖਤਮ ਹੋਏ ਆਈ. ਪੀ. ਐੱਲ. ਲਈ ਯੂ. ਏ. ਈ. ਵਿਚ ਸਨ। ਬੋਰਡ ਨੇ ਕਿਹਾ ਕਿ ਇਹ ਖਿਡਾਰੀ ਆਕਲੈਂਡ ਪਹੁੰਚ ਗਏ ਹਨ ਤੇ ਹੁਣ ਦੋ ਹਫਤੇ ਤਕ ਇਕਾਂਤਵਾਸ ਵਿਚ ਰਹਿਣਗੇ।


Gurdeep Singh

Content Editor

Related News