ਮੈਦਾਨ ਦੇ ਅੰਦਰ ਅਪਾਰ ਸਫਲਤਾ ਤੋਂ ਬਾਅਦ ਹੁਣ ਟੀਮ ਇੰਡੀਆ ਦੇ ‘ਮੇਂਟੋਰ’ ਧੋਨੀ ’ਤੇ ਸਾਰਿਆਂ ਦੀਆਂ ਨਜ਼ਰਾਂ
Sunday, Oct 17, 2021 - 12:05 PM (IST)
ਨਵੀਂ ਦਿੱਲੀ– ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ ਚੌਥੀ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਖਿਤਾਬ ਦਿਵਾਉਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਹੁਣ ਟੀ-20 ਵਿਸ਼ਵ ਕੱਪ ਵਿਚ ਮੈਦਾਨ ਦੇ ਬਾਹਰ ਤੋਂ ਟੀਮ ਦੇ ‘ਮੇਂਟੋਰ’ ਦੀ ਭੂਮਿਕਾ ਵਿਚ ਹੋਵੇਗਾ ਤੇ ਪਿਛਲੇ 17 ਸਾਲ ਮੈਦਾਨ ਦੇ ਅੰਦਰ ਆਪਣੇ ਫਨ ਦਾ ਲੋਹਾ ਮਨਵਾਉਣ ਤੋਂ ਬਾਅਦ ਮੈਦਾਨ ਤੋਂ ਬਾਹਰ ਦੀ ਇਸ ਭੂਮਿਕਾ ਵਿਚ ਉਸ ਨੂੰ ਦੇਖਣਾ ਦਿਲਚਸਪ ਹੋਵੇਗਾ। ਇਸ ਵਿਚ ਧੋਨੀ ਦਾ ਕੰਮ ਆਪਣੇ ਤਜਰਬੇ ਤੇ ਸਮਝ ਨੂੰ ਸਾਂਝਾ ਕਰਨਾ ਹੋਵੇਗਾ ਪਰ ਇਹ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ’ਤੇ ਨਿਰਭਰ ਕਰੇਗਾ ਕਿ ਉਹ ਉਸਦਾ ਇਸਤੇਮਾਲ ਕਿਵੇਂ ਕਰਦੇ ਹਨ।
ਭਾਰਤੀ ਕ੍ਰਿਕਟ ਵਿਚ ‘ਮੇਂਟੋਰ’ ਸ਼ਬਦ ਦੇ ਵੱਡੇ ਅਰਥ ਹਨ ਜਿਹੜਾ ਇਕ ਰਣਨੀਤੀਕਾਰ, ਪ੍ਰੇਰਣਾਸਰੋਤ ਜਾਂ ਸਲਾਹਕਾਰ (ਸਾਊਂਡਿੰਗ ਬੋਰਡ) ਹੋ ਸਕਦਾ ਹੈ। ਧੋਨੀ ਦੇ ਮਾਮਲੇ ਵਿਚ ਉਹ ਸਲਾਹਕਾਰ ਹੋ ਸਕਦਾ ਹੈ ਕਿਉਂਕਿ ਵੱਡੇ ਟੂਰਨਾਮੈਂਟ ਨਾ ਜਿੱਤਣ ਦੇ ਬਾਵਜੂਦ ਇਹ ਭਾਰਤੀ ਟੀਮ ਲੰਬੇ ਸਮੇਂ ਤੋਂ ‘ਆਟੋ ਪਾਇਲਟ ਮੋਡ’ ਵਿਚ ਹੈ। ਧੋਨੀ ਨੂੰ ਜਾਨਣ ਵਾਲਿਆਂ ਨੂੰ ਪਤਾ ਹੈ ਕਿ ਉਹ ਲੋੜ ਪੈਣ ’ਤੇ ਹੀ ਬੋਲੇਗਾ ਤੇ ਸ਼ਾਸਤਰੀ ਜਾਂ ਕੋਹਲੀ ਦੇ ਕੰਮ ਵਿਚ ਕਦੇ ਦਖਲ ਨਹੀਂ ਦੇਵੇਗਾ। ਇਸ ਟੀਮ ਦੇ ਜ਼ਿਆਦਾਤਰ ਸੀਨੀਅਰ ਖਿਡਾਰੀਆਂ ਦਾ ਉਹ ਕਪਤਾਨ ਰਿਹਾ ਹੈ, ਜਿਨ੍ਹਾਂ ਨੇ ਉਸ ਦੇ ਕਪਤਾਨ ਰਹਿੰਦੇ ਡੈਬਿਊ ਕੀਤਾ ਤੇ ਉਸਦੇ ਮਾਰਗਦਰਸ਼ਨ ’ਚ ਸੁਪਰ ਸਟਾਰ ਬਣੇ।
ਭਾਰਤੀ ਟੀਮ ਨਾਲ ਇਕ ਮਹੀਨੇ ਜੁੜ ਕੇ ਧੋਨੀ ਨੂੰ ਕੀ ਫਾਇਦਾ ਹੋਵੇਗਾ, ਉਸ ਨੂੰ ਇਹ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ ਕਿ ਕੀ ਉਹ ਸਿੱਧੇ ਮੇਂਟੋਰ ਬਣ ਕੇ ਅਗਲੇ ਆਈ. ਪੀ.ਐੱਲ. ਲਈ ਸੀ. ਐੱਸ. ਕੇ. ਦੀ ਰਿਟੇਂਸ਼ਨ ਫੀਸ ਬਚਾ ਸਕਦਾ ਹੈ ਜਾਂ ਨਹੀਂ। ਧੋਨੀ ਨੇ ਆਈ. ਪੀ. ਐੱਲ. ਵਿਚ ਆਪਣੇ ਭਵਿੱਖ ਨੂੰ ਲੈ ਕੇ ਖੁੱਲ੍ਹ ਕੇ ਕੁਝ ਨਹੀਂ ਕਿਹਾ। ਉਸ ਨੇ ਕਿਹਾ ਕਿ ਸੀ. ਐੱਸ. ਕੇ ਵਿਚ ਉਸਦੀ ਭੂਮਿਕਾ ਬੀ. ਸੀ. ਸੀ. ਆਈ. ਦੀ ਰਿਟੇਂਸ਼ਨ ਨੀਤੀ ’ਤੇ ਨਿਰਭਰ ਹੋਵੇਗੀ। ਉਹ ਟੀਮ ਇੰਡੀਆ ਦੇ ਡਗ ਆਊਟ ਦਾ ਹਿੱਸਾ ਹੋਵੇਗਾ ਤੇ ਜੇਕਰ ਉਸ ਨੂੰ ਲੱਗਦਾ ਹੈ ਕਿ ਉਹ ਕੋਹਲੀ ਦੀ ਟੀਮ ਨੂੰ ਮਦਦ ਕਰਨ ਵਿਚ ਸਫਲ ਰਿਹਾ ਹੈ ਤਾਂ ਅਗਲੇ ਸੈਸ਼ਨ ਵਿਚ ਆਈ. ਪੀ. ਐੱਲ. ਵਿਚ ਮੈਦਾਨ ’ਤੇ ਮੌਜੂਦ ਰਹੇ ਬਿਨਾਂ ਮੇਂਟੋਰ ਦੀ ਭੂਮਿਕਾ ਵਿਚ ਸੀ. ਐੱਸ. ਕੇ. ਦੇ ਨਾਲ ਹੋ ਸਕਦਾ ਹੈ।
ਧੋਨੀ ਆਪਣੇ ਫੈਸਲਿਆਂ ਨੂੰ ਥੋਪਣ ਵਿਚ ਵਿਸ਼ਵਾਸ ਨਹੀਂ ਰੱਖਦਾ। ਉਸਦਾ ਮੰਨਣਾ ਹੈ ਕਿ ਫੈਸਲੇ ਮਜ਼ਬੂਰੀ ਵਿਚ ਨਹੀਂ ਲਏ ਜਾਂਦੇ। ਬਤੌਰ ਸਲਾਹਾਕਰ ਕੁਝ ਮਾਮਲਿਆਂ ’ਤੇ ਉਸਦਾ ਵਿਚਾਰ ਕਾਫੀ ਮਾਇਨੇ ਰੱਖੇਗਾ। ਮਤਲਬ ਰੋਹਿਤ ਸ਼ਰਮਾ ਦੇ ਨਾਲ ਪਾਰੀ ਦਾ ਆਗਾਜ਼ ਕੇ. ਐੱਲ. ਰਾਹੁਲ ਕਰੇਗਾ ਜਾਂ ਇਸ਼ਾਨ ਕਿਸ਼ਨ, ਕਿਉਂਕਿ ਸੀ. ਐੱਸ. ਕੇ. ਵਿਚ ਰਿਤੂਰਾਜ ਗਾਇਕਵਾੜ ਤੇ ਫਾਫ ਡੂ ਪਲੇਸਿਸ ਦੀ ਸਲਾਮੀ ਜੋੜੀ ਕਾਫੀ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਨੂੰ ਸਿਰਫ ਬੱਲੇਬਾਜ਼ ਦੇ ਰੂਪ ਵਿਚ ਉਤਾਰਨ ਜਾਂ ਸ਼ਾਰਦੁਲ ਠਾਕੁਰ ਨੂੰ ਆਲਰਾਊਂਡਰ ਦੇ ਤੌਰ ’ਤੇ ਖਿਡਾਉਣ ਨੂੰ ਲੈ ਕੇ ਵੀ ਉਸ ਤੋਂ ਸਲਾਹ ਲਈ ਜਾ ਸਕਦੀ ਹੈ। ਟੀਮ ਸੰਯੋਜਨ ਤੇ ਰਣਨੀਤੀ ਨਾਲ ਜੁੜੇ ਮਾਮਲਿਆਂ ’ਤੇ ਧੋਨੀ ਦੇ ਵਿਚਾਰ ਕਾਫੀ ਮਾਇਨੇ ਰੱਖਣਗੇ।