ਅਲੀ ਅਤੇ ਸਲਮਾਨ ਨੇ ਪਾਕਿਸਤਾਨ ਨੂੰ ਬੰਗਲਾਦੇਸ਼ ’ਤੇ 37 ਦੌੜਾਂ ਦੀ ਦੁਆਈ ਜਿੱਤ

Friday, May 30, 2025 - 01:15 AM (IST)

ਅਲੀ ਅਤੇ ਸਲਮਾਨ ਨੇ ਪਾਕਿਸਤਾਨ ਨੂੰ ਬੰਗਲਾਦੇਸ਼ ’ਤੇ 37 ਦੌੜਾਂ ਦੀ ਦੁਆਈ ਜਿੱਤ

ਲਾਹੌਰ- ਤੇਜ਼ ਗੇਂਦਬਾਜ਼ ਹਸਨ ਅਲੀ ਨੇ 30 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਪਾਕਿਸਤਾਨ ਨੇ ਪਹਿਲੇ ਟੀ-20 ’ਚ ਬੰਗਲਾਦੇਸ਼ ਨੂੰ 37 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ’ਚ 1-0 ਦੀ ਬੜ੍ਹਤ ਬਣਾ ਲਈ। ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਇਸ ਤੋਂ ਪਹਿਲਾਂ ਕਰੀਅਰ ਦੀ ਸਰਵਸ਼੍ਰੇਸ਼ਠ 56 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਮੇਜ਼ਬਾਨ ਟੀਮ ਨੇ 7 ਵਿਕਟਾਂ ’ਤੇ 201 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਸ਼ਾਦਾਬ ਖਾਨ ਨੇ 48 ਜਦਕਿ ਹਸਨ ਨਵਾਜ਼ ਨੇ 44 ਦੌੜਾਂ ਦਾ ਯੋਗਦਾਨ ਦਿੱਤਾ। ਸਲਮਾਨ ਨੇ ਮੁਹੰਮਦ ਹਾਰਿਸ (31) ਨਾਲ ਤੀਸਰੀ ਵਿਕਟ ਲਈ 48 ਜਦਕਿ ਹਸਨ ਨਵਾਜ਼ ਨਾਲ ਚੌਥੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।

ਆਖਰੀ ਓਵਰਾਂ ’ਚ ਸ਼ਾਦਾਬ ਅਤੇ ਫਹੀਮ ਅਸ਼ਰਫ (ਅਜੇਤੂ 11) ਨੇ 7ਵੀਂ ਵਿਕਟ ਲਈ ਸਿਰਫ 22 ਗੇਂਦਾਂ ’ਚ 50 ਦੌੜਾਂ ਜੋੜ ਕੇ ਟੀਮ ਦਾ ਸਕੋਰ 200 ਦੇ ਪਾਰ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ। ਬੰਗਲਾਦੇਸ਼ ਵਲੋਂ ਸ਼ਰੀਫੁੱਲ ਇਸਲਾਮ ਨੇ 32 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੇ ਜਵਾਬ ’ਚ ਬੰਗਲਾਦੇਸ਼ ਦੀ ਟੀਮ ਹਸਨ ਅਲੀ ਅਤੇ ਸ਼ਾਦਾਬ ਖਾਨ (26 ਦੌੜਾਂ ’ਤੇ 2 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਕਪਤਾਨ ਲਿਟਨ ਦਾਸ ਦੀ 48 ਦੌੜਾਂ ਦੀ ਪਾਰੀ ਦੇ ਬਾਵਜੂਦ 19.2 ਓਵਰ ’ਚ 164 ਦੌੜਾਂ ’ਤੇ ਸਿਮਟ ਗਈ।

ਜਾਕਿਲ ਅਲੀ (36) ਅਤੇ ਸਲਾਮੀ ਬੱਲੇਬਾਜ਼ ਤੰਜੀਦ ਹਸਨ (31) ਵੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ’ਚ ਬਦਲਣ ’ਚ ਨਾਕਾਮ ਰਹੇ। ਪਾਕਿਸਤਾਨ ਦੀ ਸੀਮਤ ਓਵਰਾਂ ਦੀ ਟੀਮ ਦੇ ਨਵੇਂ ਕੋਚ ਮਾਈਕ ਹਸਨ ਦੇ ਮਾਰਗਦਰਸ਼ਨ ’ਚ ਇਹ ਪਹਿਲੀ ਲੜੀ ਹੈ।


author

Hardeep Kumar

Content Editor

Related News