IPL 2026: ਈਸ਼ਾਨ ਕਿਸ਼ਨ ਨੇ ਦੱਸਿਆ SRH ਦੀ ਜਿੱਤ ਦਾ ਮੰਤਰ,  ''ਹਾਰ ਦਾ ਡਰ ਲੈ ਕੇ ਨਹੀਂ ਖੇਡ ਸਕਦੇ''

Wednesday, Apr 22, 2026 - 03:30 PM (IST)

IPL 2026: ਈਸ਼ਾਨ ਕਿਸ਼ਨ ਨੇ ਦੱਸਿਆ SRH ਦੀ ਜਿੱਤ ਦਾ ਮੰਤਰ,  ''ਹਾਰ ਦਾ ਡਰ ਲੈ ਕੇ ਨਹੀਂ ਖੇਡ ਸਕਦੇ''

ਸਪੋਰਟਸ ਡੈਸਕ : ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਕਪਤਾਨ ਈਸ਼ਾਨ ਕਿਸ਼ਨ ਨੇ ਦਿੱਲੀ ਕੈਪੀਟਲਸ ਵਿਰੁੱਧ 47 ਦੌੜਾਂ ਦੀ ਵੱਡੀ ਜਿੱਤ ਤੋਂ ਬਾਅਦ ਆਪਣੀ ਟੀਮ ਦੀ ਸਫਲਤਾ ਦਾ ਰਾਜ਼ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਇਸ ਪੱਧਰ 'ਤੇ ਸਾਰੇ ਖਿਡਾਰੀਆਂ ਦੀ ਸਕਿੱਲ (ਹੁਨਰ) ਲਗਭਗ ਬਰਾਬਰ ਹੁੰਦੀ ਹੈ, ਪਰ ਅਸਲੀ ਫਰਕ ਮਾਨਸਿਕਤਾ (ਮਾਈਂਡਸੈੱਟ) ਨਾਲ ਪੈਂਦਾ ਹੈ। ਕਿਸ਼ਨ ਮੁਤਾਬਕ ਫੋਕਸ ਬਣਾਈ ਰੱਖਣਾ, ਜਿੱਤ ਦੀ ਭੁੱਖ ਅਤੇ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਸਭ ਤੋਂ ਜ਼ਰੂਰੀ ਹੈ।

'ਅਸਫਲਤਾ ਦਾ ਡਰ ਛੱਡਣਾ ਪਵੇਗਾ'
ਈਸ਼ਾਨ ਕਿਸ਼ਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਟੀ-20 ਕ੍ਰਿਕਟ ਵਿੱਚ ਸਫਲ ਹੋਣ ਲਈ ਖਿਡਾਰੀਆਂ ਨੂੰ ਅਸਫਲਤਾ ਦੇ ਡਰ ਤੋਂ ਬਾਹਰ ਨਿਕਲਣਾ ਹੋਵੇਗਾ। ਉਨ੍ਹਾਂ ਕਿਹਾ, "ਤੁਸੀਂ ਹਾਰ ਦਾ ਡਰ ਲੈ ਕੇ ਨਹੀਂ ਖੇਡ ਸਕਦੇ; ਜੇਕਰ ਅਜਿਹਾ ਖ਼ਿਆਲ ਮਨ ਵਿੱਚ ਆਵੇ ਤਾਂ ਉਸ ਨੂੰ ਦੂਰ ਕਰਨਾ ਜ਼ਰੂਰੀ ਹੈ"। ਉਨ੍ਹਾਂ ਅਨੁਸਾਰ ਤਜ਼ਰਬੇ ਦੇ ਨਾਲ ਖਿਡਾਰੀ ਆਪਣੀ ਖੇਡ ਨੂੰ ਬਿਹਤਰ ਸਮਝਦੇ ਹਨ ਅਤੇ ਗਲਤੀਆਂ ਦੁਹਰਾਉਣ ਤੋਂ ਬਚਦੇ ਹਨ।

ਅਭਿਸ਼ੇਕ ਸ਼ਰਮਾ ਦਾ ਤੂਫ਼ਾਨੀ ਸੈਂਕੜਾ
ਇਸ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਭਿਸ਼ੇਕ ਸ਼ਰਮਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ 242/2 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਅਭਿਸ਼ੇਕ ਨੇ ਮਹਿਜ਼ 68 ਗੇਂਦਾਂ ਵਿੱਚ ਨਾਬਾਦ 135 ਦੌੜਾਂ ਬਣਾਈਆਂ, ਜਿਸ ਵਿੱਚ 10 ਛੱਕੇ ਸ਼ਾਮਲ ਸਨ। ਇਸ ਤੋਂ ਇਲਾਵਾ ਹੈਨਰਿਕ ਕਲਾਸੇਨ ਨੇ ਵੀ 13 ਗੇਂਦਾਂ ਵਿੱਚ 37 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ।

ਗੇਂਦਬਾਜ਼ਾਂ ਨੇ ਦਿਵਾਈ ਜਿੱਤ
243 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਕੈਪੀਟਲਸ ਦੀ ਟੀਮ ਦਬਾਅ ਹੇਠ ਆ ਗਈ। ਹਾਲਾਂਕਿ ਨਿਤਿਸ਼ ਰਾਣਾ (57) ਅਤੇ ਕੇ.ਐਲ. ਰਾਹੁਲ (37) ਨੇ ਸੰਘਰਸ਼ ਕੀਤਾ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। SRH ਵੱਲੋਂ ਏਹਸਾਨ ਮਲਿੰਗਾ ਨੇ ਘਾਤਕ ਗੇਂਦਬਾਜ਼ੀ ਕਰਦਿਆਂ 4/32 ਦੇ ਅੰਕੜੇ ਦਰਜ ਕੀਤੇ, ਜਦਕਿ ਹਰਸ਼ ਦੂਬੇ ਨੇ ਵੀ ਅਹਿਮ ਵਿਕਟਾਂ ਝਟਕਾਈਆਂ।

ਨੌਜਵਾਨਾਂ ਦਾ ਵਧਾਇਆ ਹੌਸਲਾ
ਕਪਤਾਨ ਕਿਸ਼ਨ ਨੇ ਨੌਜਵਾਨ ਗੇਂਦਬਾਜ਼ਾਂ ਨਾਲ ਆਪਣੇ ਰਿਸ਼ਤੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਸਾਕਿਬ ਹੁਸੈਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਕਿਬ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੀ-20 ਵਿੱਚ ਹਰ ਗੇਂਦਬਾਜ਼ ਦਾ ਕੁੱਟਾਪਾ ਚਾੜ੍ਹਿਆ ਜਾਂਦਾ ਹੈ, ਪਰ ਅਸਲੀ ਗੱਲ ਇਹ ਹੈ ਕਿ ਤੁਸੀਂ ਵਾਪਸੀ ਕਿਵੇਂ ਕਰਦੇ ਹੋ।


author

Tarsem Singh

Content Editor

Related News