RCB vs GT, IPL 2026 : ਸੁਦਰਸ਼ਨ ਦੀ ਤੂਫਾਨੀ ਪਾਰੀ, ਗੁਜਰਾਤ ਨੇ ਬੈਂਗਲੁਰੂ ਨੂੰ ਦਿੱਤਾ 206 ਦੌੜਾਂ ਦਾ ਟੀਚਾ
Friday, Apr 24, 2026 - 09:24 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਦੇ 19ਵੇਂ ਸੀਜ਼ਨ ਦੇ 34ਵੇਂ ਲੀਗ ਮੁਕਾਬਲੇ 'ਚ ਗੁਜਰਾਤ ਟਾਈਟਨਜ਼ ਨੇ ਬੱਲੇ ਨਾਲ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਸਾਹਮਣੇ ਪਹਾੜ ਵਰਗਾ ਸਕੋਰ ਖੜ੍ਹਾ ਕਰ ਦਿੱਤਾ ਹੈ। ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ 'ਚ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਬਣਾਈਆਂ ਹਨ।
ਸਾਈ ਸੁਦਰਸ਼ਨ ਦਾ ਸ਼ਾਨਦਾਰ ਸੈਂਕੜਾ
ਗੁਜਰਾਤ ਟਾਈਟਨਜ਼ ਵੱਲੋਂ ਸਾਈ ਸੁਦਰਸ਼ਨ ਨੇ ਬੇਹੱਦ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜਾ ਜੜਿਆ। ਉਨ੍ਹਾਂ ਨੇ ਮਹਿਜ਼ 58 ਗੇਂਦਾਂ 'ਚ100 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਕਈ ਦਿਲਕਸ਼ ਸ਼ਾਟ ਦੇਖਣ ਨੂੰ ਮਿਲੇ। ਇਸ ਪਾਰੀ ਦੇ ਨਾਲ ਹੀ ਸੁਦਰਸ਼ਨ ਨੇ ਆਈਪੀਐਲ 'ਚ ਇੱਕ ਖਾਸ ਮੁਕਾਮ ਹਾਸਲ ਕਰਦਿਆਂ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਦਾ ਵੱਡਾ ਰਿਕਾਰਡ ਵੀ ਤੋੜ ਦਿੱਤਾ ਹੈ।
ਗਿੱਲ ਤੇ ਸੁਦਰਸ਼ਨ ਦੀ ਓਪਨਿੰਗ ਜੋੜੀ ਚਮਕੀ
ਗੁਜਰਾਤ ਨੂੰ ਕਪਤਾਨ ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ ਦੀ ਜੋੜੀ ਨੇ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 128 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ। ਸ਼ੁਭਮਨ ਗਿੱਲ 32 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਆਰਸੀਬੀ ਵੱਲੋਂ ਗੇਂਦਬਾਜ਼ੀ 'ਚ ਭੁਵਨੇਸ਼ਵਰ ਕੁਮਾਰ, ਸੁਯਸ਼ ਸ਼ਰਮਾ ਅਤੇ ਜੋਸ਼ ਹੇਜ਼ਲਵੁੱਡ ਨੇ 1-1 ਵਿਕਟ ਝਟਕਾਈ।
ਆਰਸੀਬੀ ਨੇ ਜਿੱਤਿਆ ਸੀ ਟਾਸ
ਇਸ ਤੋਂ ਪਹਿਲਾਂ ਆਰਸੀਬੀ ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਕਿ ਗੁਜਰਾਤ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਉਲਟ ਪੈਂਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਲਈ ਇਹ ਮੈਚ ਜਿੱਤਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਉਹ ਪਿਛਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਹੱਥੋਂ 99 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰ ਚੁੱਕੇ ਹਨ।
ਹੈੱਡ-ਟੂ-ਹੈੱਡ ਰਿਕਾਰਡ
ਦੋਵਾਂ ਟੀਮਾਂ ਵਿਚਾਲੇ ਆਈਪੀਐਲ ਵਿੱਚ ਹੁਣ ਤੱਕ ਬਰਾਬਰੀ ਦੀ ਟੱਕਰ ਰਹੀ ਹੈ। ਹੁਣ ਤੱਕ ਖੇਡੇ ਗਏ 6 ਮੁਕਾਬਲਿਆਂ ਵਿੱਚੋਂ 3 ਮੈਚ ਆਰਸੀਬੀ ਨੇ ਜਿੱਤੇ ਹਨ ਅਤੇ 3 ਵਿੱਚ ਗੁਜਰਾਤ ਨੂੰ ਜਿੱਤ ਮਿਲੀ ਹੈ। ਫਿਲਹਾਲ ਗੁਜਰਾਤ ਦੀ ਟੀਮ 6 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਸੱਤਵੇਂ ਨੰਬਰ 'ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
