ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਦੇ ਫਾਈਨਲ ''ਚ ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ
Wednesday, Nov 13, 2019 - 10:22 PM (IST)

ਹੈਮਬਰਗ (ਜਰਮਨੀ) (ਨਿਕਲੇਸ਼ ਜੈਨ)— ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਵਿਚ ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ ਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਉਸ ਨੇ ਸੈਮੀਫਾਈਨਲ ਦਾ ਪਹਿਲਾ ਮੁਕਾਬਲਾ ਡਰਾਅ ਰਹਿਣ ਤੋਂ ਬਾਅਦ ਦੂਸਰੇ ਮੁਕਾਬਲੇ ਵਿਚ ਖਿਤਾਬ ਦੇ ਮੁੱਖ ਦਾਅਵੇਦਾਰ ਫਰਾਂਸ ਦੇ ਮੈਕਸਿਮ ਲਾਗਰੇਵ ਨੂੰ ਵਧੀਆ ਊਠ ਅਤੇ ਘੋੜੇ ਦੇ ਐਂਡ ਗੇਮ ਵਿਚ ਹਰਾਉਂਦੇ ਹੋਏ 1.5-0.5 ਨਾਲ ਸੈਮੀਫਾਈਨਲ ਜਿੱਤ ਲਿਆ। ਹੁਣ ਉਸ ਦਾ ਮੁਕਾਬਲਾ ਰੂਸ ਦੇ ਡੇਨੀਅਲ ਜੁਬੋਵ ਅਤੇ ਪੋਲੈਂਡ ਦੇ ਜਾਨ ਡੁੱਡਾ ਵਿਚਾਲੇ ਹੋਣ ਵਾਲੇ ਟਾਈਬ੍ਰੇਕ ਦੇ ਜੇਤੂ ਨਾਲ ਹੋਵੇਗਾ। ਦੂਜੇ ਦਿਨ ਇੰਗਲਿਸ਼ ਓਪਨਿੰਗ ਵਿਚ ਹੋਏ ਗ੍ਰੀਸਚੁਕ ਅਤੇ ਲਾਗਰੇਵ ਦੇ ਮੁਕਾਬਲੇ ਵਿਚ ਸ਼ੁਰੂਆਤ 'ਚ ਖੇਡ ਲਗਭਗ ਬਰਾਬਰ ਸੀ ਪਰ ਹੌਲੀ-ਹੌਲੀ ਗ੍ਰੀਸਚੁਕ ਦੀ ਲਾਗਰੇਵ ਦੇ ਰਾਜੇ ਦੀ ਹੋਰ ਦਬਾਅ ਬਣਾਉਣ ਦੀ ਰਣਨੀਤੀ ਕੰਮ ਆਈ ਅਤੇ 63 ਚਾਲਾਂ ਤੱਕ ਚੱਲੇ ਮੁਕਾਬਲੇ ਵਿਚ ਲਾਗਰੇਵ ਨੇ ਹਾਰ ਮੰਨ ਲਈ। ਦੂਜੇ ਸੈਮੀਫਾਈਨਲ ਵਿਚ ਰੂਸ ਦੇ ਡੇਨੀਅਲ ਡੁਬੋਵ ਅਤੇ ਪੋਲੈਂਡ ਦੇ ਜਾਨ ਡੁੱਡਾ ਵਿਚਾਲੇ ਲਗਾਤਾਰ ਦੂਸਰਾ ਮੁਕਾਬਲਾ ਕਿਊ. ਜੀ. ਡੀ. ਓਪਨਿੰਗ ਵਿਚ ਹੋਇਆ। ਸਫੈਦ ਮੋਹਰਿਆਂ ਨਾਲ ਡੇਨੀਅਲ ਕੁਝ ਜ਼ਿਆਦਾ ਹਾਸਲ ਨਹੀਂ ਕਰ ਸਕਿਆ ਅਤੇ 33 ਚਾਲਾਂ ਤੋਂ ਬਾਅਦ ਮੈਚ ਡਰਾਅ 'ਤੇ ਖਤਮ ਹੋਇਆ ਅਤੇ ਸਕੋਰ 1-1 ਹੋ ਗਿਆ। ਹੁਣ ਪਹਿਲੇ ਰੈਪਿਡ ਅਤੇ ਫਿਰ ਬਲਿਟਜ਼ ਮੁਕਾਬਲਿਆਂ ਦੇ ਟਾਈਬ੍ਰੇਕ ਜ਼ਰੀਏ ਫਾਈਨਲ ਵਿਚ ਪਹੁੰਚਣ ਵਾਲੇ ਖਿਡਾਰੀ ਦਾ ਨਾਂ ਤੈਅ ਹੋਵੇਗਾ।