ਅਕੁਲ ਪਾਂਡਵ ਦੇ ਸੈਂਕੜੇ ਨਾਲ ਪੰਜਾਬ ਦੀ ਸਥਿਤੀ ਮਜ਼ਬੂਤ
Thursday, Jan 10, 2019 - 03:31 AM (IST)
ਪਟਿਆਲਾ (ਪਰਮੀਤ)- ਆਫ ਸਪਿਨਰ ਅਕੁਲ ਪਾਂਡਵ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਅਨੰਤਪੁਰ ਵਿਚ ਚੱਲ ਰਹੀ ਸੀ. ਕੇ. ਨਾਇਡੂ ਟਰਾਫੀ ਦੇ ਲੀਗ ਮੈਚ ਵਿਚ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਖਿਲਾਫ ਖੇਡੇ ਜਾ ਰਹੇ ਲੀਗ ਮੈਚ ਦੇ ਪਹਿਲੇ ਦਿਨ ਪੰਜਾਬ ਦੀ ਟੀਮ ਨੇ ਸ਼ੁਰੂਆਤੀ ਓਵਰਾਂ ਵਿਚ 35 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ, ਜਦਕਿ ਅਕੁਲ ਪਾਂਡਵ ਦੀ ਸੈਂਕੜੇ ਵਾਲੀ ਪਾਰੀ (106) ਨੇ ਟੀਮ ਨੂੰ ਸੰਭਾਲਿਆ।
ਪਹਿਲੇ ਦਿਨ ਦੀ ਖੇਡ ਖਤਮ ਹੋਣ 'ਤੇ 90 ਓਵਰਾਂ ਵਿਚ ਪੰਜਾਬ ਨੇ 6 ਵਿਕਟਾਂ ਗੁਆ ਕੇ 282 ਦੌੜਾਂ ਬਣਾ ਲਈਆਂ ਹਨ। ਪੰਜਾਬ ਨੇ ਅਭਿਜੀਤ ਗਰਗ ਤੇ ਮਨਸਾਬ ਗਿੱਲ ਨਾਲ ਸ਼ੁਰੂਆਤ ਕੀਤੀ। ਅਭਿਜੀਤ ਟੀਮ ਦੇ 2 ਸਕੋਰ 'ਤੇ ਹੀ ਇਮਾਂਦੀ ਕਾਰਤਿਕ ਰਮਨ ਦੀ ਗੇਂਦ 'ਤੇ ਆਊਟ ਹੋ ਗਿਆ। ਉਥੇ ਹੀ ਹਿਮਾਂਸ਼ੂ ਸ਼ਰਮਾ ਵੀ ਕੁਝ ਖਾਸ ਨਹੀਂ ਕਰ ਸਕਿਆ ਅਤੇ ਇਮਾਂਦੀ ਕਾਰਤਿਕ ਰਮਨ ਦਾ ਅਗਲਾ ਸ਼ਿਕਾਰ ਬਣਿਆ। ਟੀਮ ਨੇ ਸਿਰਫ 9 ਦੌੜਾਂ 'ਤੇ 2 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਮਨਸਾਬ ਗਿੱਲ ਅਤੇ ਰਮਨਦੀਪ ਸਿੰਘ ਨੇ ਤੀਸਰੀ ਵਿਕਟ ਲਈ 26 ਦੌੜਾਂ ਜੋੜੀਆਂ। ਵਿਨੇ ਤੇ ਮਨਸਾਬ ਦੇ ਆਊਟ ਹੋਣ ਤੋਂ ਬਾਅਦ ਰਮਨਦੀਪ ਸਿੰਘ ਨਾਲ ਬੱਲੇਬਾਜ਼ੀ ਕਰਨ ਲਈ ਅਕੁਲ ਪਾਂਡਵ ਆਇਆ ਤੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜੇ ਵਾਲੀ ਪਾਰੀ ਖੇਡੀ।
