ਆਕਾਸ਼ਵਾਣੀ 'ਤੇ ਹੋਵੇਗਾ ਭਾਰਤ-ਆਸਟਰੇਲੀਆ ਸੀਰੀਜ਼ ਦਾ ਸਿੱਧਾ ਪ੍ਰਸਾਰਣ
Thursday, Nov 26, 2020 - 05:14 PM (IST)
ਨਵੀਂ ਦਿੱਲੀ (ਵਾਰਤਾ) : ਭਾਰਤ ਅਤੇ ਆਸਟਰੇਲੀਆ ਵਿਚਾਲੇ 3-ਵਨਡੇ, 3 ਟੀ-20 ਅਤੇ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਸਿੱਧਾ ਪ੍ਰਸਾਰਣ ਆਕਾਸ਼ਵਾਣੀ 'ਤੇ ਕੀਤਾ ਜਾਵੇਗਾ। ਭਾਰਤ ਦੇ ਆਸਟਰੇਲੀਆ ਦੌਰੇ ਦੀ ਸ਼ੁਰੂਆਤ 27 ਨਵੰਬਰ ਨੂੰ ਸਿਡਨੀ ਵਿਚ ਪਹਿਲੇ ਵਨਡੇ ਨਾਲ ਹੋ ਰਹੀ ਹੈ। ਕੋਰੋਨਾ ਕਾਲ ਦੌਰਾਨ ਭਾਰਤ ਦੀ ਇਹ ਪਹਿਲੀ ਦੋ-ਪੱਖੀ ਸੀਰੀਜ਼ ਹੈ। ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਸ਼ੁੱਕਰਵਾਰ ਨੂੰ ਸਿਡਨੀ ਵਿਚ ਖੇਡਿਆ ਜਾਣਾ ਹੈ। ਵੀਰਵਾਰ ਨੂੰ ਇੱਥੇ ਜਾਰੀ ਇਕ ਬਿਆਨ ਅਨੁਸਾਰ 3 ਵਨਡੇ ਅਤੇ 3 ਟੀ-20 ਮੈਚਾਂ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਐਫ.ਐਮ. ਰੇਨਬੋ ਨੈਟਵਰਕ, 66 ਮੀਡੀਅਮ ਵੇਵ ਪ੍ਰਾਇਮੇਰੀ ਚੈਨਲ, 86 ਐਫ.ਐਮ. ਸਥਾਨਕ ਰੇਡੀਓ ਸਟੇਸ਼ਨ ਅਤੇ ਡੀ.ਆਰ.ਐਮ. ਚੈਨਲ 'ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 8 ਫੇਰੇ ਲੈ ਕੇ ਇਕ-ਦੂਜੇ ਦੇ ਹੋਏ ਸੰਗੀਤਾ ਫੋਗਾਟ ਅਤੇ ਬਜਰੰਗ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
ਇਸ ਦੇ ਇਲਾਵਾ ਪ੍ਰਸਾਰ ਭਾਰਤੀ ਸਪੋਟਰਸ ਯੂ-ਟਿਊਬ ਚੈਨਲ 'ਤੇ ਵੀ ਇਸ ਦਾ ਪ੍ਰਸਾਰਣ ਹੋਵੇਗਾ। 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਅੱਖੋਂ ਵੇਖਿਆ ਹਾਲ ਆਕਾਸ਼ਵਾਣੀ ਦੇ ਐਫ.ਐਮ. ਰੇਨਬੋ ਨੈਟਵਰਕ, ਡੀ.ਆਰ.ਐਮ. ਚੈਨਲ, 13 ਐਫ.ਐਮ. ਰਿਲੇ ਟਰਾਂਸਮਿਟਰਸ ਅਤੇ ਪ੍ਰਸਾਰ ਭਾਰਤੀ ਸਪੋਟਰਸ ਯੂ-ਟਿਊਬ ਚੈਨਲ 'ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ। ਆਕਾਸ਼ਵਾਣੀ ਭਾਰਤ ਵਿਚ ਆਪਣੇ 200 ਤੋਂ ਜ਼ਿਆਦਾ ਚੈਨਲਾਂ ਅਤੇ ਸਟੇਸ਼ਨਾਂ 'ਤੇ ਰੇਡੀਓ ਕਮੈਂਟਰੀ ਜ਼ਰੀਏ ਦੇਸ਼ ਵਿਚ ਵੱਧ ਤੋਂ ਵੱਧ ਸੁਣਨ ਵਾਲਿਆਂ ਤੱਕ ਪੁੱਜਣਾ ਚਾਹੁੰਦਾ ਹੈ। ਪਿਛਲੇ ਸਾਲ ਹੋਏ ਆਈ.ਸੀ.ਸੀ. ਵਿਸ਼ਵਕਪ ਦੇ ਮੁਕਾਬਲਿਆਂ ਵਿਚ ਰੇਡੀਓ 'ਤੇ ਕਰੀਬ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਕਮੈਂਟਰੀ ਸੁਣੀ ਸੀ। ਭਾਰਤ ਅਤੇ ਆਸਟਰੇਲੀਆ ਸੀਰੀਜ਼ ਦੌਰਾਨ ਸਭ ਤੋਂ ਸਰਬੋਤਮ ਰੇਡੀਓ ਕਮੈਂਟੇਟਰ ਕਮੈਂਟਰੀ ਕਰਣਗੇ।