ਏਅਰ ਰਾਈਫਲ ਮੁਕਾਬਲਿਆਂ ''ਚ ਅਰਜੁਨ ਬਬੂਟਾ ਕਰੇਗਾ ਭਾਰਤ ਦੀ ਅਗਵਾਈ

02/28/2018 4:15:25 PM


ਜਲਾਲਾਬਾਦ (ਬੰਟੀ, ਟੀਨੂੰ, ਦੀਪਕ) - ਬਬੂਟਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਰੋਡ ਤੋਂ ਸਕੂਲੀ ਸਿੱਖਿਆ ਪ੍ਰਾਪਤ ਅਰਜੁਨ ਬਬੂਟਾ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਮੁਕਾਬਲਿਆਂ ਵਿਚ ਭਾਰਤ ਦੀ ਅਗਵਾਈ ਕਰਨ ਲਈ ਕੁਆਲੀਫਾਈ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੂਨੀਅਰ ਉਮਰ ਗਰੁੱਪ ਦੇ ਖਿਡਾਰੀ ਅਰਜੁਨ ਬਬੂਟਾ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ 1 ਤੋਂ 12 ਮਾਰਚ ਤੱਕ ਮੈਕਸੀਕੋ ਵਿਚ ਆਯੋਜਿਤ ਹੋਣ ਜਾ ਰਹੇ ਸੀਨੀਅਰ ਵਰਲਡ ਕੱਪ ਸ਼ੂਟਿੰਗ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਉਪਰੰਤ ਉਹ 14 ਤੋਂ 18 ਮਾਰਚ ਤੱਕ ਮਲੇਸ਼ੀਆ ਵਿਚ ਵਰਲਡ ਯੂਨੀਵਰਸਿਟੀ ਸ਼ੂਟਿੰਗ ਮੁਕਾਬਲਿਆਂ ਵਿਚ ਭਾਗ ਲਵੇਗਾ।
ਇਸ ਦੇ ਨਾਲ ਹੀ ਜੂਨੀਅਰ ਵਰਲਡ ਕੱਪ ਆਸਟਰੇਲੀਆ, ਜੂਨੀਅਰ ਵਰਲਡ ਕੱਪ ਕੋਰੀਆ, ਸੀਨੀਅਰ ਵਰਲਡ ਕੱਪ ਯੂ. ਐੱਸ. ਏ. ਅਤੇ ਜਰਮਨੀ ਵਰਲਡ ਕੱਪ ਮੁਕਾਬਲਿਆਂ ਲਈ ਵੀ ਟਾਪ ਰੈਂਕਿੰਗ 'ਤੇ ਰਹਿੰਦਿਆਂ ਆਪਣੀ ਥਾਂ ਨਿਰਧਾਰਤ ਕੀਤੀ ਹੈ। ਵਰਣਨਯੋਗ ਹੈ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਐੱਨ. ਆਰ. ਏ. ਆਈ. ਵੱਲੋਂ ਸਮੇਂ-ਸਮੇਂ 'ਤੇ ਆਯੋਜਿਤ ਕੀਤੇ ਜਾਣ ਵਾਲੇ ਨੈਸ਼ਨਲ ਸ਼ੂਟਿੰਗ ਮੁਕਾਬਲਿਆਂ ਵਿਚ ਪ੍ਰਾਪਤ ਸਕੋਰ ਦੇ ਆਧਾਰ 'ਤੇ ਪ੍ਰਾਪਤ ਰੈਕਿੰਗ ਅਨੁਸਾਰ ਹੀ ਅਰਜੁਨ ਬਬੂਟਾ ਦੀ ਉਕਤ ਮੁਕਾਬਲਿਆਂ ਲਈ ਚੋਣ ਕੀਤੀ ਗਈ ਹੈ।


Related News