T20 WC : ਹਾਰ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀ ਨੇ ਲਾਇਆ ਵਿਰਾਟ ਕੋਹਲੀ ''ਤੇ ਵੱਡਾ ਇਲਜ਼ਾਮ, ਜਾਣੋ ਪੂਰਾ ਮਾਮਲਾ
Thursday, Nov 03, 2022 - 02:41 PM (IST)
ਸਪੋਰਟਸ ਡੈਸਕ- ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਨੂਰੁਲ ਹਸਨ ਨੇ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 'ਤੇ 'ਫਰਜ਼ੀ ਫੀਲਡਿੰਗ' ਦਾ ਦੋਸ਼ ਲਗਾਇਆ ਹੈ। ਨੂਰੁਲ ਹਸਨ ਨੇ ਆਖ਼ਰੀ ਓਵਰ ਵਿੱਚ ਅਰਸ਼ਦੀਪ ਸਿੰਘ ਦੀਆਂ ਗੇਂਦਾਂ 'ਤੇ ਛੱਕਾ ਅਤੇ ਇੱਕ ਚੌਕਾ ਲਗਾ ਕੇ ਬੰਗਲਾਦੇਸ਼ ਨੂੰ ਖੇਡ ਵਿੱਚ ਰੱਖਿਆ, ਪਰ ਮੈਚ ਖ਼ਤਮ ਹੋਣ ਤੋਂ ਬਾਅਦ ਉਹ ਮੈਦਾਨੀ ਅੰਪਾਇਰਾਂ ਦੀ ਆਲੋਚਨਾ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਵੀ ਇਸ ਮਾਮਲੇ ਤੋਂ ਨਾਖੁਸ਼ ਨਜ਼ਰ ਆਏ।
ਇਹ ਵੀ ਪੜ੍ਹੋ : ਪਾਕਿਸਤਾਨ ਦੁਆ ਕਰ ਰਿਹਾ ਸੀ ਕਿ ਭਾਰਤ ਕਿਸੇ ਤਰ੍ਹਾਂ ਬੰਗਲਾਦੇਸ਼ ਤੋਂ ਮੈਚ ਹਾਰ ਜਾਵੇ : ਸ਼ੋਏਬ ਅਖ਼ਤਰ
ਮੈਚ ਹਾਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨੂਰੁਲ ਹਸਨ ਨੇ ਆਨ-ਫੀਲਡ ਅੰਪਾਇਰ ਅਤੇ ਵਿਰਾਟ ਕੋਹਲੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ, 'ਜ਼ਾਹਿਰ ਹੈ ਕਿ ਜਦੋਂ ਅਸੀਂ ਖੇਡ ਨੂੰ ਦੁਬਾਰਾ ਸ਼ੁਰੂ ਕੀਤਾ ਤਾਂ ਗਿੱਲੇ ਆਊਟਫੀਲਡ ਦਾ ਅਸਰ ਪਿਆ।
ਨੂਰੁਲ ਸੱਤਵੇਂ ਓਵਰ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕਰ ਰਿਹਾ ਸੀ। ਭਾਰਤ ਲਈ ਅਕਸ਼ਰ ਪਟੇਲ ਗੇਂਦਬਾਜ਼ੀ ਕਰ ਰਹੇ ਸਨ। ਲਿਟਨ ਦਾਸ ਗੇਂਦ ਨੂੰ ਡੀਪ ਮਿਡ ਵਿਕਟ ਵੱਲ ਖੇਡੇ। ਅਰਸ਼ਦੀਪ ਨੇ ਗੇਂਦ ਨੂੰ ਫੀਲਡ ਕਰਕੇ ਸੁੱਟਿਆ। ਇਸ 'ਤੇ ਕੋਹਲੀ ਨੇ ਫੀਲਡਿੰਗ ਕਰਦੇ ਹੋਏ ਇੰਝ ਦਿਖਾਇਆ ਕਿ ਉਹ ਡੀਪ 'ਚ ਖੜ੍ਹੇ ਫੀਲਡਰ ਅਰਸ਼ਦੀਪ ਸਿੰਘ ਦੀ ਥ੍ਰੋ ਨੂੰ ਕੈਚ ਕਰਕੇ ਨਾਨ ਸਟ੍ਰਾਈਕਰ ਬੱਲੇਬਾਜ਼ ਵਲ ਸੁੱਟ ਰਹੇ ਹਨ। ਨੁਰੂਲ ਨੇ ਦੋਸ਼ ਲਗਾਇਆ ਕਿ ਅੰਪਾਇਰ ਮਰੈਸ ਇਰਾਸਮਸ ਤੇ ਕ੍ਰਿਸ ਬ੍ਰਾਊਨ ਨੇ ਇਸ ਨੂੰ ਅਣਗੌਲਿਆਂ ਕੀਤਾ।
ਜਾਣੋ ICC ਨਿਯਮ ਕੀ ਕਹਿੰਦਾ ਹੈ
ਆਈਸੀਸੀ ਦੇ ਨਿਯਮ 41.5 ਤਹਿਤ ਜੇਕਰ ਫੀਲਡਿੰਗ ਟੀਮ ਜਾਣਬੁੱਝ ਕੇ ਬੱਲੇਬਾਜ਼ ਨੂੰ ਧੋਖਾ ਦਿੰਦੀ ਹੈ ਜਾਂ ਰੁਕਾਵਟ ਪਾਉਂਦੀ ਹੈ ਤਾਂ ਇਸ ਨੂੰ ਖੇਡ ਦੇ ਨਿਯਮਾਂ ਦੇ ਤਹਿਤ ਗਲਤ ਮੰਨਿਆ ਜਾਵੇਗਾ। ਜੇਕਰ ਅੰਪਾਇਰ ਨੂੰ ਲੱਗਦਾ ਹੈ ਕਿ ਕਿਸੇ ਨੇ ਨਿਯਮ ਦੀ ਉਲੰਘਣਾ ਕੀਤੀ ਹੈ, ਤਾਂ ਉਹ ਡੈੱਡ ਬਾਲ ਐਲਾਨ ਕਰ ਸਕਦਾ ਹੈ ਅਤੇ ਟੀਮ 'ਤੇ ਪੰਜ ਦੌੜਾਂ ਦਾ ਜੁਰਮਾਨਾ ਲਗਾ ਸਕਦਾ ਹੈ।
ਕੀ ਵਿਰਾਟ 'ਤੇ ਲੱਗਾ "ਫਰਜ਼ੀ ਫੀਲਡਿੰਗ" ਦਾ ਦੋਸ਼ ਸਹੀ ਹੈ?
ਹਾਲਾਂਕਿ, ਬੰਗਲਾਦੇਸ਼ੀ ਖਿਡਾਰੀ ਨੇ ਵਿਰਾਟ ਕੋਹਲੀ 'ਤੇ ਫਰਜ਼ੀ ਫੀਲਡਿੰਗ ਦਾ ਦੋਸ਼ ਲਗਾਇਆ ਹੈ, ਪਰ ਸਾਨੂੰ ਇਹ ਵੀ ਜਾਣਨਾ ਹੋਵੇਗਾ ਕਿ ਇਹ ਇਲਜ਼ਾਮ ਪੂਰੀ ਤਰ੍ਹਾਂ ਝੂਠ ਹੈ। ਉਸ ਸਮੇਂ ਕ੍ਰੀਜ਼ 'ਤੇ ਬੰਗਲਾਦੇਸ਼ੀ ਬੱਲੇਬਾਜ਼ ਲਿਟਨ ਦਾਸ ਅਤੇ ਨਜਮੁਲ ਹੁਸੈਨ ਮੌਜੂਦ ਸਨ। ਜਦੋਂ ਦੋਵੇਂ ਬੱਲੇਬਾਜ਼ ਦੌੜ ਰਹੇ ਸਨ ਤਾਂ ਉਨ੍ਹਾਂ ਨੇ ਕੋਹਲੀ ਵੱਲ ਦੇਖਿਆ ਤਕ ਨਹੀਂ। ਇਸ ਲਈ ਕੋਹਲੀ 'ਤੇ ਫਰਜ਼ੀ ਫੀਲਡਿੰਗ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਬੰਗਲਾਦੇਸ਼ੀ ਬੱਲੇਬਾਜ਼ ਨਾ ਤਾਂ ਕੋਹਲੀ ਦੀ ਫੀਲਡਿੰਗ ਤੋਂ ਭਟਕਿਆ ਅਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਵੀ ਰੁਕਾਵਟ ਆਈ।
ਇਹ ਵੀ ਪੜ੍ਹੋ : T20I Ranking : ਸੂਰਯਕੁਮਾਰ ਯਾਦਵ ਬਣੇ ਨੰਬਰ-1 ਬੱਲੇਬਾਜ਼, ਮੁਹੰਮਦ ਰਿਜ਼ਵਾਨ ਨੂੰ ਛੱਡਿਆ ਪਿੱਛੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।