ਸਪਾਟ ਫਿਕਸਿੰਗ ਦੀ ਗੱਲ ਕਬੂਲਣ ਤੋਂ ਬਾਅਦ ਕਨੇਰੀਆ ਖਿਲਾਫ ਫਿਰ ਸ਼ੁਰੂ ਹੋਵੇਗੀ ਜਾਂਚ
Sunday, Oct 21, 2018 - 04:16 PM (IST)

ਕਰਾਚੀ : 6 ਸਾਲ ਸਪਾਟ ਫਿਕਸਿੰਗ ਤੋਂ ਇਨਕਾਰ ਕਰਨ ਦੇ ਬਾਅਦ ਇਸ ਵਿਚ ਸ਼ਾਮਲ ਹੋਣ ਦੀ ਗੱਲ ਸਵੀਕਾਰਨ ਵਾਲੇ ਪਾਬੰਦੀਸ਼ੁਦਾ ਦਾਨਿਸ਼ ਕਨੇਰੀਆ ਖਿਲਾਫ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਫਿਰ ਨਵੀਂ ਜਾਂਚ ਸ਼ੁਰੂ ਕਰ ਸਕਦਾ ਹੈ। ਕਨੇਰੀਆ ਨੂੰ 2012 ਵਿਚ ਇੰਗਲੈਂਡ ਕ੍ਰਿਕਟ ਬੋਰਡ ਨੇ ਉਮਰ ਭਰ ਲਈ ਬੈਨ ਕੀਤਾ ਸੀ। ਪੀ. ਸੀ. ਬੀ. ਨੇ 2012 ਵਿਚ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਦੇ ਭ੍ਰਿਸ਼ਟਾਚਾਰ ਰੋਕਟੂ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਕਨੇਰੀਆ 'ਤੇ ਉਮਰ ਭਰ ਬੈਨ ਲਗਾਇਆ ਗਿਆ ਸੀ। ਕਨੇਰੀਆ ਇੰਗਲਿਸ਼ ਕਾਊਂਟੀ ਮੈਚਾਂ ਵਿਚ ਸਪਾਟ ਫਿਕਸਿੰਗ ਅਤੇ ਹੋਰ ਖਿਡਾਰੀਆਂ ਨੂੰ ਸਪਾਟ ਫਿਕਸ ਕਰਨ ਦਾ ਦੋਸ਼ੀ ਪਾਇਆ ਸੀ।
ਕਨੇਰੀਆ ਨੇ ਉਮਰ ਭਰ ਦੀ ਪਾਬੰਦੀ ਖਿਲਾਫ ਕਈ ਵਾਰ ਅਪੀਲ ਕੀਤੀ ਪਰ ਉਸ ਨੂੰ ਹਾਰ ਹੀ ਮਿਲੀ। ਹੁਣ ਉਸ ਨੂੰ ਇਸ ਮਾਮਲੇ ਲਈ ਪੀ. ਸੀ. ਬੀ. ਨੂੰ 100,000 ਪਾਊਂਡ ਦਾ ਭੁਗਤਾਨ ਵੀ ਕਰਨਾ ਹੈ। ਪੀ. ਸੀ. ਬੀ. ਦੇ ਸੂਤਰਾਂ ਮਤਾਬਕ ਕਨੇਰੀਆ ਦਾ ਸਪਾਟ ਫਿਕਸਿੰਗ ਦੀ ਗੱਲ ਸਵੀਕਾਰ ਕਰਨਾ ਗੰਭੀਰ ਮਸਲਾ ਹੈ ਅਤੇ ਇਸ ਹਫਤੇ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਆਪਣੀ ਕਾਨੂੰਨੀ ਟੀਮ ਅਤੇ ਬੋਰਡ ਦੇ ਭ੍ਰਿਸ਼ਟਾਚਾਰ ਰੋਕਟੂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਕਿ ਕਨੇਰੀਆ ਖਿਲਾਫ ਜਾਂਚ ਦੋਬਾਰਾ ਸ਼ੁਰੂ ਕਰਨੀ ਚਾਹੀਦੀ ਹੈ ਜਾਂ ਨਹੀਂ। ਕਿਉਂਕਿ ਹੁਣ ਉਸ ਨੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਕਰ ਲਈ ਹੈ।