ਸੀਰੀਜ਼ ਗੁਆਉਣ ਤੋਂ ਬਾਅਦ ਗੁੱਸੇ ''ਚ ਦਿਸੇ ਵਿੰਡੀਜ਼ ਕਪਤਾਨ ਬ੍ਰੈਥਵੇਟ, ਕਹੀ ਇਹ ਵੱਡੀ ਗੱਲ
Wednesday, Aug 07, 2019 - 01:29 PM (IST)

ਨਵੀਂ ਦਿੱਲੀ : ਭਾਰਤ ਹੱਥੋਂ 3 ਮੈਚਾਂ ਦੀ ਟੀ-20 ਸੀਰੀਜ਼ ਹਾਰਨ ਤੋਂ ਬਾਅਦ ਵਿੰਡੀਜ਼ ਟੀਮ ਦੇ ਕਪਤਾਨ ਕਾਰਲੋਸ ਬ੍ਰੈਥਵੇਟ ਥੋੜਾ ਨਾਰਾਜ਼ ਦਿਸੇ। ਗੁਆਨਾ ਵਿਖੇ ਖੇਡਿਆ ਗਿਆ ਤੀਜਾ ਟੀ-20 ਮੈਚ 7 ਵਿਕਟਾਂ ਨਾਲ ਗੁਆਉਣ ਤੋਂ ਬਾਅਦ ਪ੍ਰੈਸ ਕੰਫ੍ਰੈਂਸ ਵਿਚ ਬ੍ਰੈਥਵੇਟ ਨੇ ਕਿਹਾ, ''ਅਸੀਂ ਇਕ ਵਾਰ ਫਿਰ ਬੱਲੇ ਨਾਲ ਚੰਗੀ ਸ਼ੁਰੂਆਤ ਨਹੀਂ ਕਰ ਸਕੇ। ਪੋਲਾਰਡ ਨੇ ਬਿਹਤਰ ਖੇਡ ਦਿਖਾਇਆ। ਪਹਿਲੇ 2 ਮੈਚਾਂ ਦੀ ਵਜਾਏ ਇਸ ਮੈਚ ਵਿਚ ਅਸੀਂ ਕੁਝ ਸੁਧਾਰ ਕੀਤੇ ਸੀ। ਸਾਨੂੰ ਪਤਾ ਸੀ ਕਿ 140 ਦਾ ਸਕੋਰ ਚੰਗਾ ਨਹੀਂ ਹੋਵੇਗਾ ਪਰ ਗੇਂਦਬਾਜ਼ਾਂ ਨੇ ਫਿਰ ਤੋਂ ਸੰਘਰਸ਼ ਕੀਤਾ। ਸਾਡੇ ਲਈ ਟਾਪ ਆਰਡਰ ਦਾ ਨਹੀਂ ਚਲਣਾ ਚੰਗਾ ਨਹੀਂ ਰਿਹਾ। 3 ਮੈਚਾਂ ਵਿਚ ਸਾਡੇ ਸਲਾਮੀ ਬੱਲੇਬਾਜ਼ ਸਿਰਫ 16 ਦੌੜਾਂ ਹੀ ਬਣਾ ਸਕੇ ਜੋ ਕਿ ਕਾਫੀ ਨਹੀਂ ਹਨ।
ਬ੍ਰੈਥਵੇਟ ਨੇ ਕਿਹਾ ਕਿ ਮਜ਼ਬੂਤ ਟੀਚੇ ਲਈ ਚੰਗੀ ਸ਼ੁਰੂਆਤ ਹੋਣਾ ਜ਼ਰੂਰੀ ਹੈ। ਸਾਡਾ ਟਾਪ ਆਰਡਰ ਚੰਗਾ ਨਹੀਂ ਖੇਡ ਸਕਿਆ। ਜੇਕਰ ਅਜਿਹਾ ਹੁੰਦਾ ਤਾਂ ਅਸੀਂ 180 ਤੱਕ ਪਹੁੰਚ ਸਕਦੇ ਸੀ। ਮੈਨੂੰ ਵਿਅਕਤੀਗਤ ਤੌਰ 'ਤੇ ਕਪਤਾਨ ਦੇ ਰੂਪ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ। ਅਸੀਂ ਟੀਮ ਦੇ ਤੌਰ 'ਤੇ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੇ ਹਾਂ। ਦੱਸ ਦਈਏ ਕਿ ਵੈਸਟਇੰਡੀਜ਼ ਟੀਮ ਪਿਛਲੇ ਸਾਲ ਵੀ ਭਾਰਤੀ ਟੀਮ ਹੱਥੋਂ 3 ਮੈਚਾਂ ਦੀ ਟੀ-20 ਸੀਰੀਜ਼ ਹਾਰੀ ਸੀ। ਇਸ ਸਾਲ ਫਿਰ ਤੋਂ ਉਹ ਟੀਮ ਇੰਡੀਆ ਹੱਥੋਂ 3-0 ਨਾਲ ਹਾਰ ਗਈ ਹੈ।