ਭਾਰਤ-ਪਾਕਿ ਮੈਚ ਮਗਰੋਂ ਸੋਸ਼ਲ ਮੀਡੀਆ ਯੂ਼ਜ਼ਰਜ਼ ਨੇ ਸ਼ੰਮੀ ਨੂੰ ਬਣਾਇਆ ਨਿਸ਼ਾਨਾ, ਸਹਿਵਾਗ ਨੇ ਇੰਝ ਦਿੱਤਾ ਜਵਾਬ
Monday, Oct 25, 2021 - 04:40 PM (IST)
ਦੁਬਈ (ਭਾਸ਼ਾ)-ਸਾਬਕਾ ਓਪਨਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸੋਮਵਾਰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਸਮਰਥਨ ਕੀਤਾ, ਜਿਨ੍ਹਾਂ ਨੂੰ ਵਿਸ਼ਵ ਕੱਪ ਇਤਿਹਾਸ ’ਚ ਪਾਕਿਸਤਾਨ ਖ਼ਿਲਾਫ਼ ਦੇਸ਼ ਦੀ ਕ੍ਰਿਕਟ ਟੀਮ ਦੀ ਪਹਿਲੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਇਆ ਗਿਆ। ਭਾਰਤ ਨੂੰ ਐਤਵਾਰ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ’ਚ 10 ਵਿਕਟਾਂ ਨਾਲ ਹਾਰ ਝੱਲਣੀ ਪਈ। ਇਸ ਦੌਰਾਨ ਸ਼ੰਮੀ ਭਾਰਤ ਦੇ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਤ ਹੋਏ ਤੇ ਉਨ੍ਹਾਂ ਨੇ 3.5 ਓਵਰਾਂ ’ਚ 43 ਦੌੜਾਂ ਦਿੱਤੀਆਂ। ਸਹਿਵਾਗ ਨੇ ਟਵੀਟ ਕੀਤਾ, ‘‘ਮੁਹੰਮਦ ਸ਼ੰਮੀ ਨੂੰ ਆਨਲਾਈਨ ਨਿਸ਼ਾਨਾ ਬਣਾਇਆ ਜਾਣਾ ਹੈਰਾਨ ਕਰਨ ਵਾਲਾ ਹੈ ਤੇ ਅਸੀਂ ਉਸ ਦੇ ਨਾਲ ਹਾਂ।
ਇਹ ਵੀ ਪੜ੍ਹੋ : ਪਾਕਿ ਦੀ ਜਿੱਤ ਮਗਰੋਂ ਭਾਰਤ ’ਚ ਵਜਾਏ ਗਏ ਪਟਾਕੇ, ਵਰਿੰਦਰ ਸਹਿਵਾਗ ਨੇ ਦੱਸਿਆ ‘ਪਾਖੰਡ’
ਉਹ ਚੈਂਪੀਅਨ ਹੈ ਅਤੇ ਜੋ ਵੀ ਭਾਰਤ ਦੀ ਕੈਪ ਪਹਿਨਦਾ ਹੈ, ਉਸ ਦੇ ਦਿਲ ’ਚ ਭਾਰਤ ਕਿਸੇ ਵੀ ਆਨਲਾਈਨ ਦੰਗਾਕਾਰੀ ਨਾਲੋਂ ਜ਼ਿਆਦਾ ਹੁੰਦਾ ਹੈ। ਤੁਹਾਡੇ ਨਾਲ ਹਾਂ ਸ਼ੰਮੀ। ਅਗਲੇ ਮੈਚ ’ਚ ਦਿਖਾ ਦਿਓ ਜਲਵਾ।’’ ਸ਼ੰਮੀ ਹਾਲ ਹੀ ’ਚ ਭਾਰਤ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ ’ਚੋਂ ਇਕ ਰਹੇ ਹਨ ਤੇ ਪਿਛਲੇ ਪੰਜਾ ਸਾਲਾਂ ’ਚ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਸੋਸ਼ਲ ਮੀਡੀਆ ’ਤੇ ਟ੍ਰੋਲ ਕਰਨ ਵਾਲਿਆਂ ਨੇ ਐਤਵਾਰ ਰਾਤ ਦੇ ਸ਼ੰਮੀ ਦੇ ਪ੍ਰਦਰਸ਼ਨ ਨੂੰ ਉਨ੍ਹਾਂ ਦੇ ਧਰਮ ਨਾਲ ਜੋੜਿਆ, ਜੋ ਲੋਕਾਂ ਨੂੰ ਚੰਗਾ ਨਹੀਂ ਲੱਗਾ।