ਅਫਗਾਨਿਸਤਾਨ ਦੇ ਇਸ ਤੇਜ਼ ਗੇਂਦਬਾਜ਼ ''ਤੇ ਲੱਗਾ ਇਕ ਸਾਲ ਦਾ ਬੈਨ

07/11/2019 3:57:39 PM

ਸਪੋਰਟਸ ਡੈਸਕ— ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਆਫਤਾਬ ਆਲਮ ਨੂੰ ਇੰਗਲੈਂਡ 'ਚ ਚਲ ਰਹੇ ਆਈ.ਸੀ.ਸੀ. ਵਰਲਡ ਕੱਪ ਦੇ ਦੌਰਾਨ ਕੋਡ ਆਫ ਕੰਡਕਟ (ਵਿਵਹਾਰ ਜ਼ਾਬਤੇ) ਦੀ ਉਲੰਘਣਾ ਕਰਨ ਦੇ ਦੋਸ਼ 'ਚ ਇਕ ਸਾਲ ਲਈ ਘਰੇਲੂ ਅਤੇ ਕੌਮਾਂਤਰੀ ਕ੍ਰਿਕਟ ਤੋਂ ਬੈਨ ਕਰ ਦਿੱਤਾ ਗਿਆ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸ ਮਿਆਦ ਦੇ ਦੌਰਾਨ ਆਫਤਾਬ ਦੇ ਰਾਸ਼ਟਰੀ ਕਰਾਰ ਨੂੰ ਵੀ ਸਮਾਪਤ ਕਰ ਦਿੱਤਾ ਹੈ। ਅਫਗਾਨ ਬੋਰਡ ਦੀ ਅਨੁਸ਼ਾਸਨੀ ਕਮੇਟੀ ਨੇ ਇਸ ਮਾਮਲੇ 'ਚ ਜਾਂਚ ਦੇ ਬਾਅਦ ਆਫਤਾਬ 'ਤੇ ਨਿਯਮ ਉਲੰਘਣਾ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਹੀ ਉਸ ਖਿਲਾਫ ਇਹ ਬੈਨ ਲਗਾਇਆ ਗਿਆ ਹੈ।
PunjabKesari
ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ 27 ਜੂਨ ਨੂੰ ਵਰਲਡ ਕੱਪ ਦੇ ਦੌਰਾਨ ਖਾਸ ਹਾਲਾਤ ਦੇ ਤਹਿਤ ਆਫਤਾਬ ਨੂੰ ਅਫਗਾਨਿਸਤਾਨ ਦੀ ਵਰਲਡ ਕੱਪ ਟੀਮ ਤੋਂ ਹਟਾ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਾਊਥੰਪਟਨ 'ਚ ਇਕ ਮਹਿਲਾ ਮਹਿਮਾਨ ਦੇ ਨਾਲ ਆਫਤਾਬ ਨੇ ਗੰਭੀਰ ਦੁਰਵਿਵਹਾਰ ਕੀਤਾ ਸੀ। ਆਫਤਾਬ ਨੇ ਅਫਗਾਨਿਸਤਾਨ ਲਈ 22 ਜੂਨ ਨੂੰ ਆਪਣਾ ਆਖਰੀ ਮੈਚ ਸਾਊਥੰਪਟਨ 'ਚ ਭਾਰਤ ਖਿਲਾਫ ਖੇਡਿਆ ਸੀ ਜਿਸ 'ਚ ਟੀਮ ਨੂੰ 11 ਦੌੜਾਂ ਨਾਲ ਹਾਰ ਝਲਣੀ ਪਈ ਸੀ। ਇਸ ਦੌਰਾਨ ਮਹਿਲਾ ਮਹਿਮਾਨ ਦੇ ਨਾਲ ਆਫਤਾਬ ਨੇ ਇਤਰਾਜ਼ਯੋਗ ਵਿਵਹਾਰ ਕੀਤਾ ਸੀ। ਇਸ ਤੋਂ ਬਾਅਦ ਟੀਮ ਦੇ ਮੁੱਖ ਕੋਚ ਫਿਲ ਸਾਈਮੰਡ ਨੇ ਆਫਤਾਬ ਨੂੰ ਆਈ.ਸੀ.ਸੀ. ਦੀ 23 ਜੂਨ ਨੂੰ ਭ੍ਰਿਸ਼ਟਾਚਾਰ ਰੋਕੂ ਇਕਾਈ ਦੀ ਬੈਠਕ 'ਚ ਪੇਸ਼ ਨਹੀਂ ਹੋਣ ਲਈ ਤੁਰੰਤ ਪ੍ਰਭਾਵ ਨਾਲ ਅਸਥਾਈ ਤੌਰ 'ਤੇ ਦੋ ਮੈਚਾਂ ਲਈ ਮੁਅੱਤਲ ਕਰ ਦਿੱਤਾ ਸੀ। ਬਾਅਦ 'ਚ ਪਤਾ ਲੱਗਾ ਸੀ ਕਿ ਅਫਗਾਨ ਕ੍ਰਿਕਟਰ ਮੈਚ ਦੌਰਾਨ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ ਅਤੇ ਬਾਅਦ 'ਚ ਹੋਟਲ ਪਹੁੰਚੇ। 
PunjabKesari
26 ਸਾਲ ਦੇ ਤੇਜ਼ ਗੇਂਦਬਾਜ਼ 6 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦੇ ਓਲਡ ਟ੍ਰੈਫਰਡ 'ਚ ਹੋਏ ਮੈਚ ਦੇ ਦੌਰਾਨ ਵੀ ਪਰੇਸ਼ਾਨੀ 'ਚ ਆ ਗਏ ਸਨ। ਉਹ ਇਸ ਮੈਚ 'ਚ ਬਿਨਾ ਦੱਸੇ ਆ ਗਏ ਸਨ ਅਤੇ ਆਪਣੇ ਅਤੇ ਆਪਣੇ ਦੋਸਤ ਲਈ ਵੀ.ਆਈ.ਪੀ. ਪ੍ਰਵੇਸ਼ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਖਿਡਾਰੀਆਂ ਦੇ ਮਾਨਤਾ ਪੱਤਰ ਦਾ ਵੀ ਵਰਤੋਂ ਕੀਤੀ ਸੀ ਅਤੇ ਬਿਨਾ ਜਾਣਕਾਰੀ  ਦੇ ਇਕ ਵੀ.ਆਈ.ਪੀ. ਰੂਮ 'ਚ ਪਹੁੰਚ ਗਏ ਅਤੇ ਉੱਥੋਂ ਵਾਪਸ ਜਾਣ ਤੋਂ ਮਨ੍ਹਾਂ ਕਰ ਦਿੱਤਾ। ਸੁਰੱਖਿਆ ਕਰਮਚਾਰੀਆਂ ਦੇ ਚਿਤਾਵਨੀ ਦੇਣ ਦੇ ਬਾਅਦ ਉਨ੍ਹਾਂ ਦੇ ਦੋਸਤ ਨੂੰ ਉੱਥੋਂ ਜਾਣਾ ਪਿਆ ਪਰ ਆਫਤਾਬ ਉੱਥੇ ਰੁਕੇ ਰਹੇ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਉੱਥੋਂ ਹਟਾ ਦਿੱਤਾ ਗਿਆ। ਆਫਤਾਬ ਨੂੰ ਵਰਲਡ ਕੱਪ ਦੇ ਦੌਰਾਨ ਅਫਗਾਨਿਸਤਾਨ ਦੇ ਅੱਠ 'ਚੋਂ ਤਿੰਨ ਹੀ ਮੈਚਾਂ 'ਚ ਉਤਾਰਿਆ ਗਿਆ ਜਿੱਥੇ ਉਨ੍ਹਾਂ ਨੇ ਚਾਰ ਵਿਕਟਾਂ ਹੀ ਕੱਢੀਆਂ।


Tarsem Singh

Content Editor

Related News